SGPC Demands Govt Intervention in Sikh Regiment Gurbani on Crockery Row
ਸਿੱਖ ਰੈਜੀਮੈਂਟ ‘ਚ ਕਰੋਕਰੀ ‘ਤੇ ਗੁਰਬਾਣੀ ਦੀਆਂ ਤੁਕਾਂ ਦਾ ਮਾਮਲਾ ਭਖਿਆ

8 ਫਰਵਰੀ 2026, ਅੰਮ੍ਰਿਤਸਰ – ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵਿੱਚ ਰਸੋਈ ਦੇ ਬਰਤਨਾਂ (ਕਰੋਕਰੀ) ‘ਤੇ ਗੁਰਬਾਣੀ ਦੀਆਂ ਤੁਕਾਂ ਉਕੇਰਨ ਜਾਂ ਲਿਖਣ ਦੇ ਮਾਮਲੇ ‘ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਲਾ ਬਡਲਾ ਨਾਲ ਸੰਬੰਧਿਤ ਬਰਖਾਸਤ ਲਾਂਸ ਨਾਇਕ ਜਗਵਿੰਦਰ ਸਿੰਘ ਨੇ ਇਸ ਨੂੰ ਗੁਰਬਾਣੀ ਦੀ ਬੇਅਦਬੀ ਦੱਸ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਮੰਗ ਪੱਤਰ ਸੌਂਪਿਆ ਹੈ।
ਜਗਵਿੰਦਰ ਸਿੰਘ ਨੇ ਦੱਸਿਆ ਕਿ ਰੈਜੀਮੈਂਟ ਵਿੱਚ ਬਰਤਨਾਂ ‘ਤੇ ਗੁਰਬਾਣੀ ਦੀਆਂ ਤੁਕਾਂ ਉਕੇਰੀਆਂ ਜਾਂਦੀਆਂ ਹਨ ਜਿੱਥੇ ਮਾਸਾਹਾਰੀ ਖਾਣਾ ਅਤੇ ਸ਼ਰਾਬ ਦੀ ਵਰਤੋਂ ਵੀ ਹੁੰਦੀ ਹੈ, ਜੋ ਗੁਰਬਾਣੀ ਦੇ ਸਤਿਕਾਰ ਨਾਲ ਜੁੜੇ ਸਿੱਖ ਮਰਿਆਦਾ ਵਿਰੁੱਧ ਹੈ। ਇਸ ਖਿਲਾਫ਼ ਆਵਾਜ਼ ਚੁੱਕਣ ਕਾਰਨ ਉਸ ਨੂੰ ਅਨੁਸ਼ਾਸਨ ਭੰਗ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਅਤੇ ਫਿਰ ਕੋਰਟ ਮਾਰਸ਼ਲ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।
SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤ ਸਰਕਾਰ ਅਤੇ ਰੱਖਿਆ ਮੰਤਰਾਲੇ ਤੋਂ ਤੁਰੰਤ ਦਖਲ ਮੰਗਿਆ ਹੈ। SGPC ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਇਹ ਗੁਰਬਾਣੀ ਦੇ ਸਤਿਕਾਰ ਨਾਲ ਜੁੜਿਆ ਮਸਲਾ ਹੈ ਅਤੇ ਫੌਜ ਵਿੱਚ ਅਜਿਹੀਆਂ ਤਰੀਕਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। SGPC ਨੇ ਮੰਗ ਕੀਤੀ ਹੈ ਕਿ ਜਗਵਿੰਦਰ ਸਿੰਘ ਨੂੰ ਵਾਪਸ ਨਿਯੁਕਤ ਕੀਤਾ ਜਾਵੇ ਅਤੇ ਬਰਤਨਾਂ ‘ਤੇ ਗੁਰਬਾਣੀ ਵਾਲੀਆਂ ਤੁਕਾਂ ਹਟਾਈਆਂ ਜਾਣ।
ਇਸ ਮਾਮਲੇ ਨੇ ਸਿੱਖ ਸੰਗਤ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ ਅਤੇ ਸੋਸ਼ਲ ਮੀਡੀਆ ‘ਤੇ ਵੀ ਚਰਚਾ ਤੇਜ਼ ਹੋ ਗਈ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਇਸ ‘ਤੇ ਨਜ਼ਰ ਰੱਖੀ ਹੋਈ ਹੈ ਅਤੇ ਜਲਦੀ ਹੀ ਇਸ ਬਾਰੇ ਕੋਈ ਫੈਸਲਾ ਜਾਂ ਹੁਕਮਨਾਮਾ ਜਾਰੀ ਹੋ ਸਕਦਾ ਹੈ। ਰੱਖਿਆ ਮੰਤਰਾਲੇ ਅਤੇ ਫੌਜ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ SGPC ਦੀ ਮੰਗ ਨੂੰ ਗੰਭੀਰਤਾ ਨਾਲ ਵੇਖਿਆ ਜਾ ਰਿਹਾ ਹੈ।
