ਸਿੰਘ ਸਾਹਿਬ ਗਿ. ਰਘਵੀਰ ਸਿੰਘ ਵੱਲੋਂ ਕੀਤੇ ਖੁਲਾਸਿਆਂ ਦਾ SGPC ਜਵਾਬ ਦੇਵੇ

23 ਫ਼ਰਵਰੀ 2026, ਰੋਡੇ (ਮੋਗਾ) – ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਵਿਖੇ ਚੱਲੇ 5 ਰੋਜ਼ਾ ਮਹਾਨ ਗੁਰਮਤਿ ਸਮਾਗਮ ਦੀ ਸਮਾਪਤੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਖਾਲਸਾ ਨੇ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ SGPC ਵਿਰੁੱਧ ਖੁਲਾਸੇ ਕੀਤੇ ਹਨ ਤਾਂ SGPC ਪ੍ਰਧਾਨ ਨੂੰ ਉਨ੍ਹਾਂ ਖੁਲਾਸਿਆਂ ਦਾ ਗੰਭੀਰਤਾ ਨਾਲ ਜਵਾਬ ਦੇਣਾ ਚਾਹੀਦਾ ਹੈ, ਨਾ ਕਿ ਉਲਟਾ ਉਹਨਾਂ ਖਿਲਾਫ ਨੋਟਿਸ ਜਾਰੀ ਕਰਨੇ ਚਾਹੀਦੇ ਹਨ।
ਗਿਆਨੀ ਜਸਵੀਰ ਸਿੰਘ ਖਾਲਸਾ ਨੇ ਕਿਹਾ ਕਿ SGPC ਸੰਗਤਾਂ ਨੂੰ ਜਵਾਬਦੇਹ ਸੰਸਥਾ ਹੈ ਅਤੇ ਇੱਕ ਧਿਰ ਨੂੰ ਖੁਸ਼ ਕਰਨ ਦੀ ਬਜਾਏ ਸਮੁੱਚੇ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸੱਚਾਈ ‘ਤੇ ਪਰਦਾ ਨਹੀਂ ਪਾਉਣਾ ਚਾਹੀਦਾ ਤਾਂ ਕਿ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਹੋ ਸਕੇ ਅਤੇ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗ ਸਕੇ। ਉਨ੍ਹਾਂ ਨੇ ਗੁਰੂ ਨਾਲ ਜੁੜਨ ਦੀ ਅਹਿਮੀਅਤ ਬਾਰੇ ਵੀ ਸੰਗਤ ਨੂੰ ਸੰਦੇਸ਼ ਦਿੱਤਾ ਅਤੇ ਕਿਹਾ ਕਿ ਮਨੁੱਖੀ ਜੀਵਨ ਦੀ ਸਫਲਤਾ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਵਿੱਚ ਹੈ। ਉਨ੍ਹਾਂ ਨੌਜਵਾਨ ਪੀੜੀ ਨੂੰ ਨਾਮ ਸਿਮਰਨ, ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਸਮਾਗਮ ਦੌਰਾਨ ਰੋਜ਼ਾਨਾ ਗੁਰਮਤਿ ਕੀਰਤਨ ਦਰਬਾਰ ਸਜਾਏ ਗਏ ਅਤੇ ਵੱਖ-ਵੱਖ ਮਹਾਂਪੁਰਖਾਂ ਵੱਲੋਂ ਕਥਾ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਅੱਜ ਦੇ ਸਮਾਪਤੀ ਦੀਵਾਨ ਵਿੱਚ ਜਥੇਦਾਰ ਹਰਚੰਦ ਸਿੰਘ ਚਕਰ, ਜਥੇਦਾਰ ਦਲੀਪ ਸਿੰਘ ਚਕਰ, ਸੰਤ ਬਾਬਾ ਜਤਿੰਦਰ ਸਿੰਘ, ਸੰਤ ਬਾਬਾ ਚਰਨਜੀਤ ਸਿੰਘ ਜੈਸਵਾਲ, ਜਥੇਦਾਰ ਸਵਰਨਜੀਤ ਸਿੰਘ ਤਰਨਾ ਦਲ, ਜਥੇਦਾਰ ਜਗਿੰਦਰ ਸਿੰਘ ਫਿਰੋਜ਼ਪੁਰ ਅਤੇ ਹੋਰ ਮਹਾਨ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸਮਾਪਤੀ ਉਪਰੰਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਨੇ ਸਮੂਹ ਮਹਾਂਪੁਰਖਾਂ, ਸੰਗਤਾਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।

