SGPC’s major decision regarding Parwinder Singh Jhota
ਪਰਵਿੰਦਰ ਸਿੰਘ ਝੋਟਾ ਨੂੰ ਲੈ ਕੇ ਐੱਸਜੀਪੀਸੀ ਦਾ ਵੱਡਾ ਫ਼ੈਸਲਾ
ਮਾਨਸਾ/ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਦਿਆਂ ਜਾਨ ਗਵਾਉਣ ਵਾਲੇ ਪਰਵਿੰਦਰ ਸ਼ਿੰਘ ਝੋਟਾ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਐਲਾਨ ਕੀਤਾ ਹੈ। ਸ਼੍ਰੋਮਣੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਨ੍ਹਾਂ ਦੀ (ਪਰਵਿੰਰ ਸਿੰਘ ਝੋਟਾ) ਤਸਵੀਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ। ਧਾਮੀ ਅੱਜ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਬਾਪੂ ਭੀਮ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਧਾਮੀ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਮਾਰੂ ਜਾਲ ਤੋਂ ਬਚਾਉਣ ਲਈ ਜੂਝਦਿਆਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਭਾਈ ਪਰਵਿੰਦਰ ਸਿੰਘ ਝੋਟਾ ਦੀ ਕੁਰਬਾਨੀ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ। ਉਨ੍ਹਾਂ ਵਲੋਂ ਨਸ਼ਿਆਂ ਵਿਰੁੱਧ ਵਿੱਢੇ ਸੰਘਰਸ਼ ਨੂੰ ਅੱਗੇ ਵਧਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਅਹਿਮ ਲੋੜ ਹੈ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸਤਵੀਰ ਸਿੰਘ, ਹਰਭਜਨ ਸਿੰਘ ਵਕਤਾ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਐਡਵੋਕੇਟ ਧਾਮੀ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਇਸ ਮੌਕੇ ਭਾਈ ਪਰਵਿੰਦਰ ਸਿੰਘ ਝੋਟਾ ਦੀ ਯਾਦ ਨੂੰ ਸਤਿਕਾਰ ਸਹਿਤ ਸੰਭਾਲਣ ਦਾ ਐਲਾਨ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਉਨ੍ਹਾਂ ਦੀ ਤਸਵੀਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਭਾਈ ਝੋਟਾ ਵਲੋਂ ਨਸ਼ਿਆਂ ਵਿਰੁੱਧ ਕੀਤੇ ਸੰਘਰਸ਼ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਉਦੇਸ਼ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਯਾਦ ਰੱਖਣ ਦਾ ਪ੍ਰਤੀਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਈ ਪਰਵਿੰਦਰ ਸਿੰਘ ਝੋਟਾ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਦੇਸ਼ ਨਾਲ ਸੰਘਰਸ਼ ਦਾ ਰਾਹ ਚੁਣਿਆ। ਅਜਿਹੇ ਸੰਘਰਸ਼ਾਂ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਨੌਜਵਾਨਾਂ ਦੀ ਹਿੰਮਤ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਬਾਪੂ ਭੀਮ ਸਿੰਘ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁੱਖ ਦੀ ਇਸ ਘੜੀ ਵਿਚ ਪਰਿਵਾਰ ਦੇ ਨਾਲ ਖੜ੍ਹੀ ਹੈ। ਪਰਿਵਾਰ ਵੱਲੋਂ ਜੋ ਵੀ ਹੁਕਮ ਲਗਾਇਆ ਜਾਵੇਗਾ, ਉਸ ਨੂੰ ਪ੍ਰਵਾਨ ਕੀਤਾ ਜਾਵੇਗਾ। ਇਥੇ ਇਹ ਵੀ ਦੱਸ ਦਈਏ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਜਥੇਦਾਰ ਨੇ ਪਰਵਿੰਦਰ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦੇ ਕੇ ਸਨਮਾਨ ਦਿੱਤਾ। ਇਸ ਦੌਰਾਨ ਪਰਵਿੰਦਰ ਸਿੰਘ ਦੀ ਆਤਮਿਤਕ ਸ਼ਾਂਤੀ ਲਈ ਜਥੇਦਾਰ ਵੱਲੋਂ ਨਮਿਤ ਅਰਦਾਸ ਕੀਤੀ ਗਈ, ਜਿਸ ਵਿਚ ਉਨ੍ਹਾਂ ਦੇ ਪਰਿਵਾਰ ਤੇ ਹਾਜ਼ਰ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਜਥੇਦਾਰ ਗੜਗੱਜ ਨੇ ਪਰਵਿੰਦਰ ਸਿੰਘ ਝੋਟਾ ਨੂੰ ਸ਼ਹੀਦ ਦਾ ਦਰਜਾ ਦੇ ਕੇ ਸਨਮਾਨ ਦਿੱਤਾ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਕੌਮ ਦਾ ਸ਼ਹੀਦ ਹੈ ਜਿਸ ਕੋਲ ਜੀਣ ਦਾ ਰਸਤਾ ਸੀ ਪਰ ਉਸ ਨੇ ਫਿਰ ਵੀ ਲੋਕਾਂ ਅਤੇ ਨੌਜਵਾਨਾਂ ਲਈ ਸੰਘਰਸ਼ ਕਰਦਿਆਂ ਸ਼ਹਾਦਤ ਦਾ ਰਾਹ ਚੁਣਿਆ।

