Shimla will be the capital of Khalistan, next referendum voting on October 18 – Gurpatwant Singh Pannu
ਸ਼ਿਮਲਾ ਹੋਵੇਗਾ ਖ਼ਾਲਿਸਤਾਨ ਦੀ ਰਾਜਧਾਨੀ, ਰੈਫਰੈਂਡਮ ਦੀ ਅਗਲੀ ਵੋਟਿੰਗ 18 ਅਕਤੂਬਰ ਨੂੰ – ਗੁਰਪਤਵੰਤ ਸਿੰਘ ਪੰਨੂੰ
ਇੰਡੀਆਨਾਪੋਲਿਸ (ਅਮਰੀਕਾ) (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਇੰਡੀਆਨਾ ਸੂਬੇ ਦੀ ਰਾਜਧਾਨੀ ਇੰਡੀਆਨਾਪੋਲਿਸ ਸਥਿਤ ਰਿਚਰਡ ਜੀ. ਲੂਗਰ ਪਲਾਜ਼ਾ ਵਿਖੇ ਕਰਵਾਈ ਗਈ ਪੰਜਾਬ ਆਜ਼ਾਦੀ ਰੈਫਰੈਂਡਮ ਵੋਟਿੰਗ ਦੌਰਾਨ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਸ਼ਿਮਲਾ ਨੂੰ ਪ੍ਰਸਤਾਵਿਤ ‘ਡੈਮੋਕ੍ਰੈਟਿਕ ਰਿਪਬਲਿਕ ਆਫ਼ ਖ਼ਾਲਿਸਤਾਨ’ ਦੀ ਰਾਜਧਾਨੀ ਦਾ ਐਲਾਨ ਕੀਤਾ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪਤਵੰਤ ਸਿੰਘ ਪੰਨੂੰ ਨੇ ਅਜ਼ਾਦ ਪੰਜਾਬ ਦਾ ਨਕਸ਼ਾ ਜਾਰੀ ਕਰਦਿਆਂ ਸ਼ਿਮਲਾ ਨੂੰ ਰਾਜਧਾਨੀ ਵੱਜੋਂ ਵਿਖਾਇਆ ਗਿਆ ਹੈ। ਪੰਨੂੰ ਨੇ ਦੋਸ਼ ਲਾਇਆ ਕਿ ਭਾਰਤ ਦੀ ਮੋਦੀ ਸਰਕਾਰ ਪੰਜਾਬ ਅਤੇ ਸਿੱਖਾਂ ਵਿਰੁੱਧ ਕਥਿਤ ‘ਸਾਈਲੈਂਟ ਜੈਨੋਸਾਈਡ’ ਚਲਾ ਰਹੀ ਹੈ। ਉਸ ਨੇ ਭਾਰਤ ਵਿਚਲੇ ਸਿੱਖਾਂ ਨੂੰ ਆਪਣੇ ਧਰਮ ਅਤੇ ਪਰਿਵਾਰਾਂ ਦੀ ਰੱਖਿਆ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਐੱਸ.ਐੱਫ.ਜੇ. ਆਪਣੇ ਸਿਆਸੀ ਉਦੇਸ਼ਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਅਤੇ ਵੋਟ-ਆਧਾਰਿਤ ਲੋਕਤੰਤਰੀ ਪ੍ਰਕਿਰਿਆ ਪ੍ਰਤੀ ਵਚਨਬੱਧ ਹੈ, ਪਰ ਨਾਲ ਹੀ ਉਸ ਨੇ ਸਿੱਖਾਂ ਕੋਲ ਸਵੈ-ਰੱਖਿਆ ਦਾ ਕਾਨੂੰਨੀ ਅਧਿਕਾਰ ਹੋਣ ਦਾ ਦਾਅਵਾ ਕੀਤਾ। ਸਿੱਖਸ ਫਾਰ ਜਸਟਿਸ ਵੱਲੋ ਕੇਂਦਰ ’ਤੇ ‘ਤਿੰਨ ਤਰ੍ਹਾਂ ਦੀ ਜੰਗ’ ਚਲਾਉਣ ਦੇ ਦੋਸ਼ ਲਾਏ ਗਏ । ਗੁਰਪਤਵੰਤ ਸਿੰਘ ਪੰਨੂੰ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਅੰਦਰੋਂ ਕਮਜ਼ੋਰ ਕਰਨ ਲਈ ਨਸ਼ਿਆਂ, ਕਰਜ਼ੇ ਅਤੇ ਆਬਾਦੀ ਦੇ ਸਰੂਪ ਵਿਚ ਤਬਦੀਲੀ ਰਾਹੀਂ ਕਥਿਤ ‘ਥ੍ਰੀ ਵਾਰਫੇਅਰ’ ਰਣਨੀਤੀ ਵਰਤ ਰਹੀ ਹੈ। ਪੰਜਾਬ ਵਿਚ ਨਸ਼ਿਆਂ ਦੇ ਫੈਲਾਅ ਕਾਰਨ ਸਿੱਖ ਨੌਜਵਾਨਾਂ ਦੀ ਸਿਹਤ, ਮਾਨਸਿਕ ਸਮਰੱਥਾ ਅਤੇ ਭਵਿੱਖ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਖੇਤੀਬਾੜੀ ਸੰਕਟ, ਵਧਦਾ ਕਰਜ਼ਾ ਅਤੇ ਆਰਥਿਕ ਦਬਾਅ ਪੰਜਾਬ ਦੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਵੱਲ ਧੱਕ ਰਹੇ ਹਨ। ਉਸ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਆਉਣ-ਜਾਣ ਵਾਲੀ ਆਬਾਦੀ ਦੇ ਰੁਝਾਨਾਂ ਅਤੇ ਸਿੱਖ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਰਵਾਸ ਕਾਰਨ ਸੂਬੇ ਦੀ ਸਮਾਜਿਕ ਤੇ ਸਿਆਸੀ ਬਣਤਰ ਪ੍ਰਭਾਵਿਤ ਹੋ ਰਹੀ ਹੈ। ਐੱਸ.ਐੱਫ.ਜੇ. ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਪੰਜਾਬ ਆਜ਼ਾਦੀ ਰੈਫਰੈਂਡਮ ਦੀ ਅਗਲੀ ਵੋਟਿੰਗ 18 ਅਕਤੂਬਰ ਨੂੰ ਕੈਨੇਡਾ ਦੇ ਅਲਬਰਟਾ ਸੂਬੇ ਵਿਚ ਕਰਵਾਈ ਜਾਵੇਗੀ। ਅਲਬਰਟਾ ਸੂਬੇ ਵਿਚ ਹੋਣ ਵਾਲੇ ਰੈਫਰੈਡਮ ਨੂੰ ਸ਼ਹੀਦ ਹਰਦੀਪ ਸਿੰਘ ਨਿੱਝਰ, ਸ਼ਹੀਦ ਤਲਵਿੰਦਰ ਸਿੰਘ ਪਰਮਾਰ ਅਤੇ ਭਾਈ ਲਖਬੀਰ ਸਿੰਘ ਰੋਡੇ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਸਿੱਖਸ ਫਾਰ ਜਸਟਿਸ ਵੱਲੋ ਇੰਡੀਆਨਾਪੋਲਿਸ ’ਚ ਖਾਲਿਸਤਾਨ ਰੈਫਰੈਡਮ ਦੀਆਂ ਵੋਟਾਂ ਵਿੱਚ 13 ਹਜ਼ਾਰ ਤੋਂ ਵੱਧ ਸਿੱਖਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ, ਜਿਸ ਵਿੱਚ ਨਕੋਦਰ ਦੀ ਰਹਿਣ ਵਾਲੀ 100 ਸਾਲਾ ਮਹਿੰਦਰ ਕੋਰ ਨੇ ਵੀ ਆਪਣੀ ਬੇਟੀ ਨਾਲ ਆ ਕੇ ਵੋਟ ਪਾਈ।

