Sikh girl in Canada forced to struggle to find medical treatment! Issue raised in the Legislative Assembly
ਕੈਨੇਡਾ ‘ਚ ਸਿੱਖ ਕੁੜੀ ਇਲਾਜ ਲਈ ਭਟਕਣ ਲਈ ਮਜਬੂਰ ! ਵਿਧਾਨ ਸਭਾ ‘ਚ ਗੂੰਜਿਆ ਮੁੱਦਾ
Canada, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਵਿਚ ਇਲਾਜ ਲਈ ਤੜਪ ਰਹੀ ਸਿੱਖ ਕੁੜੀ ਦਾ ਮਸਲਾ ਕੌਮਾਂਤਰੀ ਪੱਧਰ ’ਤੇ ਭਖ ਗਿਆ ਹੈ ਜੋ ਸਸਕੈਚਵਨ ਸੂਬੇ ਦੀ ਵਿਧਾਨ ਸਭਾ ਵਿਚ ਜਲਦ ਤੋਂ ਜਲਦ ਰਸੌਲੀ ਦੀ ਸਰਜਰੀ ਲਈ ਤਰਲੇ ਕਰਦੀ ਨਜ਼ਰ ਆਈ। ਸਸਕਾਟੂਨ ਦੇ ਹਾਈ ਸਕੂਲ ਵਿਚ ਪੜ੍ਹਦੀ 17 ਸਾਲਾ ਆਇਸ਼ਮੀਨ ਸਿੰਘ ਸਥਾਨਕ ਹਸਪਤਾਲ ਵਿਚ ਵਾਲੰਟੀਅਰ ਵਜੋਂ ਸੇਵਾਵਾਂ ਨਿਭਾਅ ਰਹੀ ਸੀ ਜਦੋਂ ਸਤੰਬਰ 2025 ਦੌਰਾਨ ਤੇਜ਼ ਦਰਦ ਉਠਿਆ ਅਤੇ ਟੈਸਟਾਂ ਵਿਚ ਰਸੌਲੀ ਦੀ ਸ਼ਿਕਾਇਤ ਆਈ। ਇਕ ਸਾਲ ਤੋਂ ਵੱਧ ਸਮਾਂ ਲੰਘ ਚੁੱਕਾ ਹੈ ਪਰ ਆਇਸ਼ਮੀਨ ਦੀ ਸਰਜਰੀ ਨਹੀਂ ਕੀਤੀ ਗਈ ਅਤੇ ਉਹ ਰੋਜ਼ਾਨਾ ਅਸਹਿ ਦਰਦ ਵਿਚੋਂ ਲੰਘ ਰਹੀ ਹੈ। ਦਰਦ ਐਨਾ ਵਧ ਜਾਂਦਾ ਹੈ ਕਿ ਉਸ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਅਤੇ ਹਸਪਤਾਲ ਦੀ ਸੇਵਾ ਵੀ ਰੋਕਣੀ ਪਈ। ਵਿਧਾਨ ਸਭਾ ਵਿਚ ਆਪਣਾ ਦੁਖੜਾ ਸੁਣਾਉਂਦਿਆਂ ਆਇਸ਼ਮੀਨ ਨੇ ਕਿਹਾ ਕਿ ਦਰਦ ਉਠਣ ਮਗਰੋ ਇੰਝ ਲੱਗਦਾ ਹੈ ਜਿਵੇਂ ਕੋਈ ਬਿਜਲੀ ਦੇ ਝਟਕੇ ਦੇ ਰਿਹਾ ਹੋਵੇ ਅਤੇ ਇਸ ਦਰਦ ਤੋਂ ਰਾਹਤ ਦਾ ਇਕੋ-ਇਕ ਤਰੀਕਾ ਨਸ਼ੇ ਵਾਲੀਆਂ ਦਵਾਈਆਂ ਹਨ ਜਿਨ੍ਹਾਂ ਨੂੰ ਖਾ-ਖਾ ਕੇ ਉਸ ਦੀ ਮਾਨਸਿਕ ਸਿਹਤ ਵਿਗੜਦੀ ਜਾ ਰਹੀ ਹੈ। ਆਇਸ਼ਮੀਨ ਨੂੰ ਦਰਦ ਤੋਂ ਰਾਹਤ ਲਈ ਮੌਰਫ਼ੀਨ ਅਤੇ ਨੈਪਰੌਕਸਨ ਲੈਣ ਦੀ ਸਲਾਹ ਦਿੱਤੀ ਗਈ ਪਰ ਉਸ ਨੇ ਮੌਰਫ਼ੀਨ ਲੈਣ ਤੋਂ ਇਨਕਾਰ ਕਰ ਦਿੱਤਾ। ਆਇਸ਼ਮੀਨ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਸੌਲੀ ਦੀ ਆਕਾਰ 4.3 ਸੈਂਟੀਮਟਰ ਹੈ ਅਤੇ ਫ਼ੈਮਿਲੀ ਡਾਕਟਰ ਨੇ ਸਰਜਰੀ ਦੀ ਸਿਫ਼ਾਰਸ਼ ਕੀਤੀ ਹੈ ਪਰ ਸਸਕੈਚਵਨ ਹੈਲਥ ਅਥਾਰਿਟੀ ਦਾ ਕਹਿਣਾ ਹੈ ਕਿ ਐਮਰਜੈਂਸੀ ਸਰਜਰੀ ਲਈ ਰਸੌਲੀ ਦਾ ਆਕਾਰ ਘੱਟੋ ਘੱਟ ਪੰਜ ਸੈਂਟੀਮੀਟਰ ਹੋਣਾ ਚਾਹੀਦਾ ਹੈ। ਕੈਨੇਡਾ ਵਿਚ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਮਹੀਨਿਆਂਬੱਧੀ ਉਡੀਕ ਕਰਦੇ ਮਰੀਜ਼ਾਂ ਦੀ ਕੋਈ ਕਮੀ ਨਹੀਂ ਪਰ ਇਨ੍ਹਾਂ ਦਾ ਦਰਦ ਮਰੀਜ਼ ਖੁਦ ਜਾਂ ਪਰਿਵਾਰਕ ਮੈਂਬਰ ਹੀ ਸਮਝ ਸਕਦੇ ਹਨ। ਦੱਸ ਦੇਈਏ ਕਿ ਆਇਸ਼ਮੀਨ ਦੀ ਉਮਰ ਸਿਰਫ਼ 16 ਸਾਲ ਸੀ ਜਦੋਂ ਜਿਮ ਪੈਟੀਸਨ ਚਿਲਡ੍ਰਨਜ਼ ਹੌਸਪੀਟਲ ਵਿਚ ਟੈਸਟਾਂ ਦੌਰਾਨ ਰਸੌਲੀ ਬਾਰੇ ਪਤਾ ਲੱਗਿਆ। ਜਦੋਂ ਉਹ 17 ਸਾਲਾਂ ਦੀ ਹੋਈ ਤਾਂ ਉਸ ਦਾ ਨਾਂ ਬੱਚਿਆਂ ਦੇ ਹਸਪਤਾਲ ਵਿਚੋਂ ਕੱਟ ਕੇ ਬਾਲਗਾਂ ਵਾਲੇ ਹਸਪਤਾਲ ਵਿਚ ਦਰਜ ਕਰ ਦਿੱਤਾ ਗਿਆ ਜਿਥੇ ਉਡੀਕ ਸਮਾਂ ਬਹੁਤ ਜ਼ਿਆਦਾ ਬਣਦਾ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਆਇਸ਼ਮੀਨ ਨੇ ਦੱਸਿਆ ਕਿ ਜਦੋਂ ਤੱਕ ਓਵੇਰੀਅਨ ਸਿਸਟ ਦੀ ਸਰਜਰੀ ਨਹੀਂ ਹੁੰਦੀ, ਉਦੋਂ ਤੱਕ ਦਰਦ ਖ਼ਤਮ ਨਹੀਂ ਹੋ ਸਕਦਾ। ਹੈਲਥ ਕੇਅਰ ਸਿਸਟਮ ਨੂੰ ਬੇਤੁਕਾ ਕਰਾਰ ਦਿੰਦਿਆਂ ਆਇਸ਼ਮੀਨ ਨੇ ਕਿਹਾ ਕਿ ਕੈਂਸਰ ਦੇ ਖ਼ਤਰੇ ਦੀ ਜ਼ਦ ਵਿਚ ਖੜ੍ਹੇ ਜਾਂ ਕੈਂਸਰ ਦੇ ਮਰੀਜ਼ਾਂ ਨੂੰ ਵੀ ਲੰਮੀ ਉਡੀਕ ਕਰਵਾਈ ਜਾਂਦੀ ਹੈ ਜੋ ਕਿਸੇ ਧੱਕੇਸ਼ਾਹੀ ਤੋਂ ਘੱਟ ਨਹੀਂ। ਉਧਰ, ਆਇਸ਼ਮੀਨ ਦੇ ਪਿਤਾ ਨੇ ਕਿਹਾ ਕਿ ਪਰਿਵਾਰ ਸਮੱਸਿਆ ਦਾ ਹੱਲ ਚਾਹੁੰਦਾ ਹੈ। ਪਰਿਵਾਰ ਨੇ ਆਪਣੇ ਹਲਕੇ ਦੇ ਐਮ.ਐਲ.ਏ. ਨਾਲ ਵੀ ਗੱਲਬਾਤ ਕੀਤੀ ਪਰ ਕੋਈ ਮਦਦ ਨਾ ਮਿਲ ਸਕੀ। ਸਸਕੈਚਵਨ ਦੇ ਸਿਹਤ ਮੰਤਰੀ ਜੈਰੇਮੀ ਕੌਕਰਿਲ ਨੇ ਆਇਸ਼ਮੀਨ ਦੇ ਮੁੱਦੇ ’ਤੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਸਰਜਰੀ ਜਾਂ ਇਲਾਜ ਬਾਰੇ ਫ਼ੈਸਲੇ ਨਹੀਂ ਲੈਂਦਾ ਪਰ ਪਰਿਵਾਰ ਦੀ ਮਦਦ ਕਰਦਿਆਂ ਖੁਸ਼ੀ ਮਹਿਸੂਸ ਹੋਵੇਗੀ। ਉਧਰ, ਕੁਝ ਸਮਾਜ ਸੇਵਾ ਜਥੇਬੰਦੀਆਂ ਦਾ ਕਹਿਣਾ ਹੈ ਕਿ ਆਇਸ਼ਮੀਨ ਦਾ ਪਰਿਵਾਰ ਇੰਡੀਆ ਵਿਚ ਜਾ ਕੇ ਇਲਾਜ ਕਰਵਾਉਣ ਨੂੰ ਤਰਜੀਹ ਦੇਵੇ ਤਾਂਕਿ ਸਮਾਂ ਰਹਿੰਦੇ ਰਸੌਲੀ ਨੂੰ ਸਰੀਰ ਤੋਂ ਬਾਹਰ ਕੱਢਿਆ ਜਾ ਸਕੇ।

