ਸਿੱਖ ਮੈਰਿਜ ਬਿੱਲ 2024 ਸੰਸਦ ਵਿੱਚ ਬਹਿਸ ਲਈ ਚੁਣਿਆ ਗਿਆ,ਹਮਾਇਤ ਦੀ ਅਪੀਲ

2 ਫਰਵਰੀ 2026, ਫਤਹਿਗੜ੍ਹ ਸਾਹਿਬ – ਪੰਜਾਬ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ 2024 ਵਿੱਚ ਪੇਸ਼ ਕੀਤਾ ਗਿਆ ਪ੍ਰਾਈਵੇਟ ਮੈਂਬਰ ਬਿੱਲ “ਸਿੱਖ ਮੈਰਿਜ ਬਿੱਲ 2024” ਮੌਜੂਦਾ ਚੱਲ ਰਹੇ ਸੰਸਦ ਸੈਸ਼ਨ ਵਿੱਚ ਬਹਿਸ ਲਈ ਚੁਣਿਆ ਗਿਆ ਹੈ। ਇਹ ਬਿੱਲ ਪੰਜਾਬ ਅਤੇ ਖਾਸ ਕਰਕੇ ਸਿੱਖ ਕੌਮ ਲਈ ਅਹਿਮ ਮੰਨਿਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁੰਨਰ ਸੁਰਜੀਤ ਨੇ ਬਿੱਲ ਨੂੰ ਸਿੱਖ ਪਛਾਣ, ਬਰਾਬਰੀ ਅਤੇ ਸੰਵਿਧਾਨਕ ਇਨਸਾਫ਼ ਦਾ ਮਸਲਾ ਦੱਸਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਸਾਰੇ ਮੈਂਬਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਬਿੱਲ ਦੀ ਡਟ ਕੇ ਹਮਾਇਤ ਕਰਨ ਅਤੇ ਆਪਣੀਆਂ ਪਾਰਟੀਆਂ ਦੇ ਹੋਰ ਸੂਬਿਆਂ ਤੋਂ ਮੈਂਬਰਾਂ ਨੂੰ ਵੀ ਬਿੱਲ ਦੇ ਹੱਕ ਵਿੱਚ ਖੜ੍ਹਾ ਕਰਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਬਿੱਲ ‘ਤੇ ਖੁੱਲ੍ਹੇ ਮਨ ਨਾਲ, ਸੁਹਿਰਦ ਅਤੇ ਗੰਭੀਰ ਚਰਚਾ ਕਰਕੇ ਇਸ ਨੂੰ ਪਾਸ ਕੀਤਾ ਜਾਵੇ। ਇਹ ਬਿੱਲ ਸਿੱਖ ਵਿਆਹਾਂ ਨੂੰ ਵੱਖਰੀ ਪਛਾਣ ਅਤੇ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨ ਲਈ ਅਹਿਮ ਹੈ ਅਤੇ ਸਿੱਖ ਕੌਮ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਨ ਵਾਲਾ ਮੰਨਿਆ ਜਾ ਰਿਹਾ ਹੈ।
ਬਿੱਲ ਨੂੰ ਲੈ ਕੇ ਸਿੱਖ ਸੰਗਤ ਵਿੱਚ ਉਤਸ਼ਾਹ ਹੈ ਅਤੇ ਇਸ ਨੂੰ ਸਿੱਖ ਭਾਈਚਾਰੇ ਲਈ ਵੱਡੀ ਉਪਲੱਬਧੀ ਵਜੋਂ ਵੇਖਿਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਾਰੇ ਪੰਜਾਬੀ ਐੱਮਪੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਬਿੱਲ ਨੂੰ ਪਾਸ ਕਰਵਾਉਣ ਲਈ ਯਤਨ ਕਰਨ ਦੀ ਅਪੀਲ ਕੀਤੀ ਹੈ।

