Sikhs angered over RSS chief’s secret visit to London’s Gurdwara Sahib, saying ‘Guru houses will not be allowed to become a hub for political bargaining’
ਲੰਡਨ ਦੇ ਗੁਰਦੁਆਰਾ ਸਾਹਿਬ ‘ਚ ਆਰਐਸਐਸ ਮੁਖੀ ਦੀ ਗੁਪਤ ਫੇਰੀ ‘ਤੇ ਭੜਕਿਆ ਸਿੱਖਾਂ ਦਾ ਗੁੱਸਾ ਕਿਹਾ ‘ਗੁਰੂ ਘਰਾਂ ਨੂੰ ਸਿਆਸੀ ਸੌਦੇਬਾਜ਼ੀ ਦਾ ਅੱਡਾ ਨਹੀਂ ਬਣਨ ਦਿਆਂਗੇ’
ਨਵੀਂ ਦਿੱਲੀ, 7 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਖਾਲਸਾ ਜੱਥਾ ਬ੍ਰਿਟਿਸ਼ ਆਇਲਜ਼ ਗੁਰਦੁਆਰਾ ਸਾਹਿਬ (ਲੰਡਨ) ਵਿੱਚ ਆਰਐਸਐਸ ਮੁਖੀ ਮੋਹਨ ਭਾਗਵਤ ਦੀ ਗੁਪਤ ਫੇਰੀ ਨੇ ਪੂਰੇ ਯੂਕੇ ਦੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਦੌੜਾ ਦਿੱਤੀ ਹੈ। ਸੰਗਤ ਤੋਂ ਚੋਰੀ-ਛਿਪੇ ਕਰਵਾਈ ਗਈ ਇਸ ਮੀਟਿੰਗ ਨੂੰ ਲੈ ਕੇ ਸਿੱਖਾਂ ਵਿੱਚ ਭਾਰੀ ਰੋਸ ਹੈ। ਦਰਜਨਾਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਇਸ ਹਰਕਤ ਨੂੰ “ਸੰਗਤ ਅਤੇ ਗੁਰੂ ਘਰ ਨਾਲ ਸਿੱਧਾ ਧੋਖਾ” ਕਰਾਰ ਦਿੱਤਾ ਹੈ।
‘ਸੰਗਤ ਪਿੱਛੇ ਪਿੱਠ ‘ਚ ਛੁਰਾ ਘੋਪਿਆ’ ਹੈ। ਸਿੱਖ ਫੈਡਰੇਸ਼ਨ (ਯੂਕੇ) ਨੇ ਪ੍ਰਬੰਧਕਾਂ ਅਤੇ ਟਰੱਸਟੀਆਂ ‘ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਇਹ ਕਦਮ ਭਾਰਤੀ ਹਾਈ ਕਮਿਸ਼ਨ ਦੇ ਇਸ਼ਾਰੇ ‘ਤੇ ਚੱਲ ਰਹੇ ਚਾਪਲੂਸਾਂ ਦੀ ਸਾਜ਼ਿਸ਼ ਦਾ ਨਤੀਜਾ ਹੈ। ਸਿੱਖ ਫੈਡਰੇਸ਼ਨ ਦੇ ਰਣਨੀਤੀ ਬੋਰਡ ਦੇ ਚੇਅਰ ਭਾਈ ਅਮਰੀਕ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਗੁਰਦੁਆਰੇ ਸਾਡੀ ਸ਼ਰਨ, ਸਤਿਕਾਰ ਅਤੇ ਏਕਤਾ ਦੇ ਅਸਥਾਨ ਹਨ। ਇਨ੍ਹਾਂ ਨੂੰ ਘੱਟਗਿਣਤੀ-ਵਿਰੋਧੀ ਅਤੇ ਫਿਰਕੂ ਤਾਕਤਾਂ ਦੀਆਂ ਸਿਆਸੀ ਰੋਟੀਆਂ ਸੇਕਣ ਦਾ ਮੰਚ ਨਹੀਂ ਬਣਨ ਦਿੱਤਾ ਜਾਵੇਗਾ। ਸੰਗਤ ਦੀ ਪਿੱਠ ਪਿੱਛੇ ਆਰ.ਐਸ.ਐਸ. ਵਰਗੀ ਸੰਸਥਾ ਦੇ ਪ੍ਰਧਾਨ ਦਾ ਸਵਾਗਤ ਕਰਨਾ ਸਿੱਖੀ ਸਿਧਾਂਤਾਂ ‘ਤੇ ਵੱਡਾ ਡਾਕਾ ਹੈ। ਜਥੇਬੰਦੀ ਨੇ ਆਰ.ਐਸ.ਐਸ. ਦੀ ਵਿਚਾਰਧਾਰਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਇਸ ਸੰਸਥਾ ਦਾ ਮੁੱਖ ਮਨੋਰਥ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ, ਗੁਰਬਾਣੀ, ਇਤਿਹਾਸ ਅਤੇ ਸੰਸਥਾਵਾਂ ਨੂੰ ਹਿੰਦੂਤਵ ਦੀ ਛੱਤਰੀ ਹੇਠ ਲਿਆ ਕੇ ਖ਼ਤਮ ਕਰਨਾ ਹੈ। ਓਨ੍ਹਾ ਕਿਹਾ ਆਰਐਸਐਸ ਨੂੰ ਸਿਰਫ਼ ਸੱਭਿਆਚਾਰਕ ਸੰਸਥਾ ਦੱਸ ਕੇ ਗੁਰਦੁਆਰਾ ਪ੍ਰਬੰਧਕ ਅਸਲ ਖ਼ਤਰੇ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਓਨ੍ਹਾ ਗੰਭੀਰ ਚੇਤਾਵਨੀ ਦੇਂਦਿਆ ਕਿਹਾ ਬ੍ਰਿਟੇਨ ਦੀ ਸਿੱਖ ਸੰਗਤ ਅਜਿਹੇ ਸਿਆਸੀ ਸੌਦਿਆਂ ‘ਤੇ ਚੁੱਪ ਨਹੀਂ ਬੈਠੇਗੀ। ਗੁਰੂ ਘਰ ਦੀਆਂ ਦੇਹਲੀਆਂ ਨੂੰ ਅਜਿਹੀਆਂ ਫਿਰਕੂ ਤਾਕਤਾਂ ਨੂੰ ਜਾਇਜ਼ਤਾ ਦੇਣ ਲਈ ਵਰਤਣ ਵਾਲਿਆਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਸਿੱਖ ਫੈਡਰੇਸ਼ਨ (ਯੂਕੇ) ਨੇ ਬ੍ਰਿਟੇਨ ਦੀਆਂ ਸਮੁੱਚੀਆਂ ਧਾਰਮਿਕ ਅਤੇ ਨਾਗਰਿਕ ਸੰਸਥਾਵਾਂ ਨੂੰ ਵੀ ਤਾੜਨਾ ਕੀਤੀ ਹੈ ਕਿ ਉਹ ਧਾਰਮਿਕ ਧਰੁਵੀਕਰਨ ਅਤੇ ਬਹੁਗਿਣਤੀਵਾਦੀ ਏਜੰਡਾ ਚਲਾਉਣ ਵਾਲੀਆਂ ਜਥੇਬੰਦੀਆਂ ਨੂੰ ਆਪਣੇ ਮੰਚ ਵਰਤਣ ਤੋਂ ਬਿਨਾਂ ਸ਼ਰਤ ਰੋਕਣ।

