ਗੋਬਿੰਦ ਸਿੰਘ ਦੇ ਵਿਆਹ ਵਿੱਚ ਹੋਈ ਗੁਸਤਾਖੀ ਲਈ ਖਾਲਸਾ ਪੰਥ ਤੋਂ ਮੁਆਫੀ ਮੰਗੀ: ਸ. ਸਿਮਰਨਜੀਤ ਸਿੰਘ ਮਾਨ

2 ਫਰਵਰੀ 2026, ਫਤਹਿਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਦੋਹਤੇ ਸ. ਗੋਬਿੰਦ ਸਿੰਘ ਦੇ ਵਿਆਹ ਸਮੇਂ ਛੱਤਰ ਅਤੇ ਚੌਰ ਸਾਹਿਬ ਨੂੰ ਝੁਲਾਉਣ ਵਾਲੀ ਗੁਸਤਾਖੀ ਲਈ ਸਮੁੱਚੇ ਖਾਲਸਾ ਪੰਥ ਅਤੇ ਮੀਰੀ-ਪੀਰੀ ਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਾਰਦਿਕ ਮੁਆਫੀ ਮੰਗੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਉਸ ਦਿਨ ਚੰਡੀਗੜ੍ਹ ਵਿੱਚ ਸਨ ਅਤੇ ਇਸ ਅਮਲ ਬਾਰੇ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇ ਉਹ ਮੌਕੇ ‘ਤੇ ਹੁੰਦੇ ਤਾਂ ਬੱਚਿਆਂ ਨੂੰ ਇਹ ਕਰਨ ਤੋਂ ਹਰ ਕੀਮਤ ‘ਤੇ ਰੋਕਦੇ ਕਿਉਂਕਿ ਉਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਚੌਰ ਸਾਹਿਬ ਦੀ ਮਹਾਨਤਾ ਬਾਰੇ ਪੂਰੀ ਜਾਣਕਾਰੀ ਹੈ।
ਸ. ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਗੋਬਿੰਦ ਸਿੰਘ ਦੇ ਨਾਨਾ ਹੋਣ ਨਾਲ-ਨਾਲ ਖਾਲਸਾ ਪੰਥ ਦੀ ਆਜ਼ਾਦੀ ਲਈ ਸੰਘਰਸ਼ ਕਰਦੀ ਜਥੇਬੰਦੀ ਦੇ ਮੁੱਖ ਸੇਵਾਦਾਰ ਵੀ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਨਫਰਤ ਭਰੇ ਪ੍ਰਚਾਰ ਨੂੰ ਈਰਖਾ ਅਤੇ ਸਾਜ਼ਿਸ਼ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਾਲਿਸਤਾਨ ਨਿਸ਼ਾਨੇ ਨੂੰ ਪਿੱਠ ਦੇ ਚੁੱਕੇ ਹਨ ਅਤੇ ਉਨ੍ਹਾਂ ਨੂੰ ਵੀ ਥਿੜਕਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਪਰ ਉਹ ਕਦੇ ਵੀ ਸਫਲ ਨਹੀਂ ਹੋ ਸਕਣਗੇ।
ਸ. ਮਾਨ ਨੇ ਅੱਗੇ ਕਿਹਾ ਕਿ ਵੱਡੇ ਕੌਮੀ ਸੰਘਰਸ਼ਾਂ ਵਿੱਚ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ ਹਨ ਪਰ ਅਸੀਂ ਉਨ੍ਹਾਂ ਨੂੰ ਦੂਰ ਕਰਦੇ ਹੋਏ ਅਡੋਲ ਰਹਿ ਕੇ ਮੰਜ਼ਿਲ ਵੱਲ ਵਧਦੇ ਰਹਾਂਗੇ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਗਲਤੀ ਨੂੰ ਮੁਆਫ ਕਰਕੇ 12 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਹਾੜੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਕੌਮੀ ਜ਼ਿੰਮੇਵਾਰੀ ਨਿਭਾਉਣ।

