‘Stay cautious, step out of the house only when necessary’ – advisory issued for Indians in Saudi Arabia
‘ਸਾਵਧਾਨ ਰਹੋ, ਸਿਰਫ਼ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲੋ’, ਸਾਊਦੀ ਅਰਬ ‘ਚ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਸਾਊਦੀ ਅਰਬ ਵਿੱਚ ਯਮਨ ਦੇ ਹੂਤੀ ਬਾਗੀਆਂ ਅਤੇ ਸਾਊਦੀ ਫੌਜਾਂ ਵਿਚਕਾਰ ਵਧਦੇ ਤਣਾਅ ਅਤੇ ਹਮਲਿਆਂ ਨੂੰ ਦੇਖਦਿਆਂ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਇੱਕ ਵਿਸ਼ੇਸ਼ ਸੁਰੱਖਿਆ ਐਡਵਾਇਜ਼ਰੀ ਜਾਰੀ ਕੀਤੀ ਹੈ। ਰੀਆਧ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ ਪੂਰੀ ਤਰ੍ਹਾਂ ਚੌਕਸ ਅਤੇ ਸਾਵਧਾਨ ਰਹਿਣ, ਲੋੜ ਪੈਣ ‘ਤੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਸਥਾਨਕ ਪ੍ਰਸ਼ਾਸਨ ਦੁਆਰਾ ਜਾਰੀ ਅਧਿਕਾਰਤ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਯਮਨ ਦੇ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦਰਮਿਆਨ ਹਾਲੀਆ ਦਿਨਾਂ ਵਿੱਚ ਤਣਾਅ ਕਾਫ਼ੀ ਵਧ ਗਿਆ ਹੈ। ਸਾਊਦੀ ਅਰਬ ਦੀਆਂ ਫੌਜਾਂ ਨੇ ਹੂਤੀਆਂ ਦੇ ਕਬਜ਼ੇ ਵਾਲੇ ਖੇਤਰਾਂ ‘ਤੇ ਹਵਾਈ ਹਮਲੇ ਕੀਤੇ ਹਨ, ਜਿਸ ਦੇ ਜਵਾਬ ਵਿੱਚ ਹੂਤੀ ਬਾਗੀਆਂ ਵੱਲੋਂ ਵੀ ਸਾਊਦੀ ਅਰਬ ‘ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਇਨ੍ਹਾਂ ਲਗਾਤਾਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਹੀ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਭਾਰਤੀ ਦੂਤਾਵਾਸ ਨੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਮੌਜੂਦਾ ਘਟਨਾਕ੍ਰਮ ਨਾਲ ਜੁੜੀ ਕਿਸੇ ਵੀ ਵੀਡੀਓ ਜਾਂ ਖ਼ਬਰ ਨੂੰ ਸੋਸ਼ਲ ਮੀਡੀਆ ‘ਤੇ ਪੋਸਟ, ਰੀਪੋਸਟ ਜਾਂ ਪ੍ਰਸਾਰਿਤ ਨਾ ਕਰਨ। ਨਾਗਰਿਕਾਂ ਨੂੰ ਕੇਵਲ ਸਰਕਾਰੀ ਅਤੇ ਅਧਿਕਾਰਤ ਚੈਨਲਾਂ (ਜਿਵੇਂ ਐਕਸ ‘ਤੇ @IndianEmbRiyadh, ਫੇਸਬੁੱਕ, ਇੰਸਟਾਗ੍ਰਾਮ ਅਤੇ ਲਿੰਕਡਇਨ) ਰਾਹੀਂ ਜਾਰੀ ਅੱਪਡੇਟਾਂ ‘ਤੇ ਹੀ ਭਰੋਸਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਦੂਤਾਵਾਸ ਅਨੁਸਾਰ ਰੀਆਧ ਸਥਿਤ ਭਾਰਤੀ ਦੂਤਾਵਾਸ ਅਤੇ ਜੇਦਾਹ ਸਥਿਤ ਭਾਰਤੀ ਕੌਂਸਲੇਟ ਜਨਰਲ ਪੂਰੀ ਤਰ੍ਹਾਂ ਸਧਾਰਨ ਤਰੀਕੇ ਨਾਲ ਕੰਮ ਕਰ ਰਹੇ ਹਨ। ਨਾਲ ਹੀ ਵੀ.ਐੱਫ.ਐੱਸ. (VFS) ਰਾਹੀਂ ਮਿਲਣ ਵਾਲੀਆਂ ਆਉਟਸੋਰਸਡ ਸੇਵਾਵਾਂ ਵੀ ਚਾਲੂ ਹਨ। ਭਾਰਤੀ ਨਾਗਰਿਕਾਂ ਦੀ ਸਹਾਇਤਾ ਲਈ ‘ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ’ (PBSK) ਦੀ 24×7 ਹੈਲਪਲਾਈਨ ਉਪਲਬਧ ਕਰਵਾਈ ਗਈ ਹੈ, ਜਿਸ ਦੇ ਟੋਲ-ਫ੍ਰੀ ਨੰਬਰ 8002471234 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

