Studying in Britain to become more expensive; universities prepare for fee hikes
ਬ੍ਰਿਟੇਨ ‘ਚ ਪੜ੍ਹਨ ਲਈ ਜੇਬ ਕਰਨੀ ਹੋਵੇਗੀ ਹੋਰ ਢਿੱਲੀ, ਫੀਸ ਵਾਧੇ ਦੀ ਤਿਆਰੀ ‘ਚ ਯੂਨੀਵਰਸਿਟੀਆਂ
London, (ਆਵਾਜ਼ਿ ਕੌਮ ਬਿਊਰੋ)-ਬ੍ਰਿਟੇਨ ਯੂਰਪੀਅਨ ਵਿਦਿਆਰਥੀਆਂ ਨੂੰ ਸਿੱਖਿਆ ‘ਤੇ ਸਬਸਿਡੀ ਦੇਣ ਦੀ ਤਿਆਰੀ ਕਰ ਰਿਹਾ ਹੈ, ਜਿਸਦੀ ਕੀਮਤ ਭਾਰਤੀ ਵਿਦਿਆਰਥੀਆਂ ਨੂੰ ਚੁਕਾਉਣੀ ਪੈ ਸਕਦੀ ਹੈ। ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ (EU) ਵਿਚਕਾਰ ਯੂਰਪੀਅਨ ਵਿਦਿਆਰਥੀਆਂ ਨੂੰ ਬ੍ਰਿਟਿਸ਼ ਵਿਦਿਆਰਥੀਆਂ ਦੇ ਬਰਾਬਰ ਫੀਸ ‘ਤੇ ਪੜ੍ਹਾਉਣ ਸਬੰਧੀ ਗੱਲਬਾਤ ਚੱਲ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਯੂਨੀਵਰਸਿਟੀਆਂ ਨੂੰ ਸਾਲਾਨਾ ਮਾਲੀਏ ਵਿੱਚ ਲਗਭਗ 7,000 ਕਰੋੜ ਰੁਪਏ (57 ਕਰੋੜ ਪੌਂਡ) ਦਾ ਨੁਕਸਾਨ ਹੋ ਸਕਦਾ ਹੈ। ਇਸ ਦੀ ਭਰਪਾਈ ਲਈ ਯੂਨੀਵਰਸਿਟੀਆਂ ਭਾਰਤੀ ਅਤੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਾਲਾਨਾ ਫੀਸਾਂ ਵਧਾ ਸਕਦੀਆਂ ਹਨ। ਬ੍ਰਿਟਿਸ਼ ਸੰਸਦ ਦੇ ਅੰਕੜਿਆਂ ਅਨੁਸਾਰ, 2024-25 ਵਿੱਚ ਯੂਕੇ ਵਿੱਚ ਯੂਰਪੀ ਸੰਘ ਤੋਂ ਬਾਹਰ ਦੇ 622,000 ਵਿਦੇਸ਼ੀ ਵਿਦਿਆਰਥੀ ਸਨ। ਜੇਕਰ ਯੂਨੀਵਰਸਿਟੀਆਂ ਇਨ੍ਹਾਂ ਵਿਦਿਆਰਥੀਆਂ ਤੋਂ ਆਪਣੇ ਨੁਕਸਾਨ ਦੀ ਭਰਪਾਈ ਕਰੇ ਤਾਂ ਹਰੇਕ ਵਿਦਿਆਰਥੀ ਤੋਂ ਸਾਲਾਨਾ ਕਰੀਬ 900 ਪੌਂਡ, ਜਾਂ 1.10 ਲੱਖ ਰੁਪਏ ਵਾਧੂ ਵਸੂਲਣੇ ਪੈਣਗੇ। ਵਰਤਮਾਨ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਔਸਤ ਸਾਲਾਨਾ ਅੰਡਰਗ੍ਰੈਜੁਏਟ ਫੀਸ ਲਗਭਗ 26 ਲੱਖ ਰੁਪਏ ਹੈ। ਇਹ 27 ਲੱਖ ਰੁਪਏ ਤੋਂ ਵੱਧ ਹੋ ਸਕਦੀ ਹੈ। 20 ਨਵੰਬਰ ਨੂੰ ਬ੍ਰਸੇਲਜ਼ ਵਿੱਚ ਹੋਏ ਯੂਕੇ-ਈਯੂ ਸੰਮੇਲਨ ਵਿੱਚ ਛੇ ਮਹੀਨਿਆਂ ਦੇ ਅੰਦਰ ਫੀਸਾਂ ‘ਤੇ ਇੱਕ ਵੱਖਰੇ ਸਮਝੌਤੇ ਲਈ ਗੱਲਬਾਤ ਪੂਰੀ ਕਰਨ ਦਾ ਟੀਚਾ ਰੱਖਿਆ ਗਿਆ ਸੀ। ਈਯੂ ਚਾਹੁੰਦਾ ਹੈ ਕਿ ਇਸਦੇ ਵਿਦਿਆਰਥੀਆਂ ਦੀ ਕਿਫਾਇਤੀ ਸਿੱਖਿਆ ਤੱਕ ਪਹੁੰਚ ਹੋਵੇ, ਜਿਵੇਂ ਕਿ ਬ੍ਰੈਕਸਿਟ ਤੋਂ ਪਹਿਲਾਂ ਸੀ। ਆਕਸਫੋਰਡ ਯੂਨੀਵਰਸਿਟੀ ਵਿੱਚ ਬ੍ਰਿਟਿਸ਼ ਵਿਦਿਆਰਥੀਆਂ ਲਈ ਸਾਲਾਨਾ ਅੰਡਰਗ੍ਰੈਜੁਏਟ ਫੀਸ 12 ਲੱਖ ਰੁਪਏ ਹੈ। ਜਦਕਿ ਵਿਦੇਸ਼ੀ ਵਿਦਿਆਰਥੀ ਵਿਸ਼ੇ ਦੇ ਆਧਾਰ ‘ਤੇ 48 ਲੱਖ ਰੁਪਏ ਤੋਂ 80 ਲੱਖ ਰੁਪਏ ਦੇ ਵਿਚਕਾਰ ਭੁਗਤਾਨ ਕਰਦੇ ਹਨ। ਬ੍ਰਿਟਿਸ਼ ਕੌਂਸਲ ਦੇ ਅਨੁਸਾਰ ਭਾਰਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਸਾਲਾਨਾ ਅੰਡਰਗ੍ਰੈਜੁਏਟ ਫੀਸ 14 ਲੱਖ ਤੋਂ 46 ਲੱਖ ਰੁਪਏ ਤੱਕ ਹੈ ਅਤੇ ਪੋਸਟ ਗ੍ਰੈਜੂਏਟ ਫੀਸ 11 ਲੱਖ ਤੋਂ 36 ਲੱਖ ਰੁਪਏ ਤੱਕ ਹੈ। ਰਹਿਣ-ਸਹਿਣ ਅਤੇ ਖਾਣ-ਪੀਣ ਦੇ ਖਰਚੇ ਵੱਖਰੇ ਹਨ। ਵੱਕਾਰੀ ਰਸਲ ਗਰੁੱਪ ਦੀ ਯੂਨੀਵਰਸਿਟੀ ਵਿਚ ਫੀਸਾਂ ਜ਼ਿਆਦਾ ਹਨ। ਇਸ ਲਈ ਭਾਰਤੀ ਪਰਿਵਾਰਾਂ ਨੂੰ ਯੂਨੀਵਰਸਿਟੀ ਅਤੇ ਕੋਰਸ ਦੇ ਆਧਾਰ ‘ਤੇ ਵੱਖਰੇ ਤੌਰ ‘ਤੇ ਬਜਟ ਬਣਾਉਣਾ ਪੈਂਦਾ ਹੈ। ਫੀਸ ਵਾਧੇ ਨਾਲ ਭਾਰਤੀ ਵਿਦਿਆਰਥੀਆਂ ਲਈ ਤਿੰਨ ਸਾਲਾਂ ਦੇ ਅੰਡਰਗ੍ਰੈਜੁਏਟ ਕੋਰਸ ਦੀ ਕੁੱਲ ਲਾਗਤ 3.30 ਲੱਖ ਤੱਕ ਵਧ ਸਕਦੀ ਹੈ। ਯੂਨੀਵਰਸਿਟੀਆਂ ਇਹਨਾਂ ਲਾਗਤਾਂ ਨੂੰ ਘਟਾਉਣ ਦਾ ਫੈਸਲਾ ਕਰ ਸਕਦੀਆਂ ਹਨ। ਇਹ ਵਿਦੇਸ਼ੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਅਤੇ ਖੋਜ ਫੰਡਿੰਗ ਨੂੰ ਪ੍ਰਭਾਵਤ ਕਰ ਸਕਦਾ ਹੈ। 2024-25 ਵਿੱਚ ਭਾਰਤ ਤੋਂ 95,000 ਨਵੇਂ ਵਿਦਿਆਰਥੀਆਂ ਨੇ ਯੂਕੇ ਵਿੱਚ ਦਾਖਲਾ ਲਿਆ ਸੀ। ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਮਾਲੀਏ ਦਾ 23% ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਆਉਂਦਾ ਹੈ। ਯੂਨੀਵਰਸਿਟੀਆਂ ਵਿਦੇਸ਼ੀ ਵਿਦਿਆਰਥੀਆਂ ਦੀਆਂ ਫੀਸਾਂ ਦੀ ਵਰਤੋਂ ਘਰੇਲੂ ਵਿਦਿਆਰਥੀਆਂ ਦੀ ਸਿੱਖਿਆ, ਖੋਜ, ਪ੍ਰਯੋਗਸ਼ਾਲਾਵਾਂ ਅਤੇ ਫੈਕਲਟੀ ਦੀਆਂ ਤਨਖਾਹਾਂ ਲਈ ਵੀ ਕਰਦੀਆਂ ਹਨ। ਯੂਰਪੀਅਨ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਕਮੀ ਕਾਰਨ ਇਕੱਲੇ ਮੈਨਚੈਸਟਰ ਯੂਨੀਵਰਸਿਟੀ ਨੂੰ ਸਾਲਾਨਾ 85 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਉਮੀਦ ਹੈ। ਬ੍ਰੈਕਸਿਟ ਤੋਂ ਪਹਿਲਾਂ, ਯੂਰਪੀਅਨ ਯੂਨੀਅਨ ਦੇ ਵਿਦਿਆਰਥੀਆਂ ਨੂੰ ਆਮ ਤੌਰ ‘ਤੇ ਬ੍ਰਿਟਿਸ਼ ਵਿਦਿਆਰਥੀਆਂ ਦੇ ਬਰਾਬਰ ਫੀਸਾਂ ‘ਤੇ ਯੂਕੇ ਵਿੱਚ ਪੜ੍ਹਾਈ ਕਰਨ ਦੀ ਪਹੁੰਚ ਸੀ। 2021 ਤੋਂ, ਜ਼ਿਆਦਾਤਰ ਨਵੇਂ ਯੂਰਪੀਅਨ ਵਿਦਿਆਰਥੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਬਰਾਬਰ ਫੀਸਾਂ ਦਾ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ, 2021-22 ਵਿੱਚ ਯੂਰਪੀਅਨ ਯੂਨੀਅਨ ਤੋਂ ਨਵੇਂ ਦਾਖਲਿਆਂ ਦੀ ਗਿਣਤੀ ਇੱਕ ਸਾਲ ਵਿੱਚ 53% ਘੱਟ ਗਈ। ਹੁਣ ਯੂਰਪੀਅਨ ਯੂਨੀਅਨ ਪੁਰਾਣੀ ਪ੍ਰਣਾਲੀ ਨੂੰ ਬਹਾਲ ਕਰਨਾ ਚਾਹੁੰਦੀ ਹੈ।

