ਸਰੀ ਨਿਵਾਸੀ ਰਘਬੀਰ ਸਿੰਘ ਭਰੋਵਾਲ ਦਾ ਪੇਰੂ ਵਿੱਚ ਸੜਕ ਹਾਦਸੇ ‘ਚ ਅਕਾਲ ਚਲਾਣਾ

03 ਮਾਰਚ 2026, ਸਰੀ/ਪੰਜਾਬ – ਸੋਸ਼ਲ ਮੀਡੀਆ ‘ਤੇ ਸਰਗਰਮ ਅਤੇ ਮੋਟਰਸਾਈਕਲ ਰਾਹੀਂ ਸੰਸਾਰ ਯਾਤਰਾ ਕਰ ਰਹੇ 42 ਸਾਲਾ ਸਰੀ (ਕੈਨੇਡਾ) ਨਿਵਾਸੀ ਰਘਬੀਰ ਸਿੰਘ ਭਰੋਵਾਲ ਦਾ ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਵਿੱਚ ਭਿਆਨਕ ਸੜਕ ਹਾਦਸੇ ਦੌਰਾਨ ਅਕਾਲ ਚਲਾਣਾ ਹੋ ਗਿਆ ਹੈ। ਇਸ ਦੁਖਦਾਈ ਘਟਨਾ ਨਾਲ ਪਰਿਵਾਰ, ਮਿੱਤਰ ਮੰਡਲੀ ਅਤੇ ਸਿੱਖ ਸੰਗਤ ਵਿੱਚ ਡੂੰਘੇ ਸੋਗ ਦੀ ਲਹਿਰ ਦੌੜ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਰਘਬੀਰ ਸਿੰਘ ਪਿਛਲੇ ਕੁਝ ਸਮੇਂ ਤੋਂ ਮੋਟਰਸਾਈਕਲ ਰਾਹੀਂ ਦੁਨੀਆਂ ਭਰ ਦੀ ਯਾਤਰਾ ਕਰ ਰਹੇ ਸਨ ਅਤੇ ਸੋਸ਼ਲ ਮੀਡੀਆ ‘ਤੇ ਆਪਣੇ ਅਨੁਭਵ ਸਾਂਝੇ ਕਰਦੇ ਰਹਿੰਦੇ ਸਨ। ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਯਾਤਰਾ ਸੰਬੰਧੀ ਆਖਰੀ ਵੀਡੀਓ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਘਰਦਿਆਂ ਨਾਲ ਸੰਪਰਕ ਟੁੱਟ ਗਿਆ। ਅੱਜ ਸਵੇਰੇ ਇਹ ਪੁਸ਼ਟੀ ਹੋਈ ਕਿ ਪੇਰੂ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਇਸ ਘਟਨਾ ਦੀ ਪੁਸ਼ਟੀ ਉਨ੍ਹਾਂ ਦੇ ਪਿਤਾ ਅਤੇ ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਨੇ ਕੀਤੀ ਹੈ। ਰਘਬੀਰ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ ਤਿੰਨ ਮਾਸੂਮ ਬੱਚੇ (ਦੋ ਧੀਆਂ ਅਤੇ ਇੱਕ ਪੁੱਤਰ) ਛੱਡ ਗਏ ਹਨ। ਪਰਿਵਾਰ ਇਸ ਅਚਾਨਕ ਵਿਛੋੜੇ ਨਾਲ ਗਹਿਰੇ ਸਦਮੇ ਵਿੱਚ ਹੈ।
ਸੰਗਤ ਅਤੇ ਮਿੱਤਰ ਮੰਡਲੀ ਵੱਲੋਂ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਜਾ ਰਹੀ ਹੈ। ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ।

