‘Tariff bomb’ to hit India again! Trump signs law imposing 100% tariffs
ਭਾਰਤ ‘ਤੇ ਮੁੜ ਡਿੱਗੇਗਾ ‘ਟੈਰਿਫ਼ ਬੰਬ’ ! ਟਰੰਪ ਨੇ 100 ਫ਼ੀਸਦੀ Tariff ਲਗਾਉਣ ਵਾਲੇ ਕਾਨੂੰਨ ‘ਤੇ ਕਰ’ਤੇ ਦਸਤਖ਼ਤ
New Delhi, (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਖ਼ਿਲਾਫ਼ ਆਰਥਿਕ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਅਤੇ ਰੂਸੀ ਤੇਲ ਤੇ ਗੈਸ ਦੇ ਵੱਡੇ ਖਰੀਦਦਾਰ ਦੇਸ਼ਾਂ ‘ਤੇ 100 ਫੀਸਦੀ ਤੱਕ ਟੈਰਿਫ ਲਗਾਉਣ ਵਾਲੇ ਇੱਕ ਨਵੇਂ ਕਾਨੂੰਨ ‘ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਇਰਾਨ ‘ਤੇ ਅਮਰੀਕੀ ਪਾਬੰਦੀਆਂ ਦੀ ਮਿਆਦ ਨੂੰ ਵੀ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਇਸ ਅਹਿਮ ਬਿਲ ‘ਤੇ ਦਸਤਖ਼ਤ ਕੀਤੇ। ਵ੍ਹਾਈਟ ਹਾਊਸ ਅਤੇ ਰਿਪਬਲਿਕਨ ਸੈਨੇਟਰ ਕੇਟੀ ਬ੍ਰਿਟ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਕਾਨੂੰਨ ਰੂਸ ‘ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਨਾਲ-ਨਾਲ ਉਸ ਦੇ ਯੂਕ੍ਰੇਨ ਜੰਗ ਨੂੰ ਫੰਡ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਅਧਿਕਾਰ ਦਿੰਦਾ ਹੈ। ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਰੂਸੀ ਕੱਚੇ ਤੇਲ ਜਾਂ ਗੈਸ ਦੇ 5 ਸਭ ਤੋਂ ਵੱਡੇ ਆਯਾਤਕ ਦੇਸ਼ਾਂ ‘ਤੇ 100 ਫੀਸਦੀ ਤੱਕ ਟੈਰਿਫ ਲਗਾਉਣ ਦਾ ਅਧਿਕਾਰ ਦਿੰਦਾ ਹੈ। ਹਾਲਾਂਕਿ, ਫਿਲਹਾਲ ਕਿਸੇ ਖਾਸ ਦੇਸ਼ ਦਾ ਨਾਂ ਜਾਂ ਟੈਰਿਫ ਦਰਾਂ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਹੈ, ਪਰ ਇਹ ਭਾਰਤ ਤੇ ਚੀਨ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ, ਕਿਉਂਕਿ ਭਾਰਤ ਤੇ ਚੀਨ ਦੋਵੇਂ ਰੂਸ ਤੋਂ ਸਭ ਤੋਂ ਵੱਧ ਤੇਲ ਖਰੀਦਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਦਾ ਰੂਸੀ ਕੁਦਰਤੀ ਗੈਸ ਦਾ ਆਯਾਤ ਰੂਸ ਦੀ ਕੁੱਲ ਗੈਸ ਬਰਾਮਦ ਦੇ 15 ਫ਼ੀਸਦੀ ਤੋਂ ਘੱਟ ਹੈ ਅਤੇ ਉਹ ਇਸ ਨੂੰ ਘਟਾਉਣ ਲਈ ਵੱਡੇ ਕਦਮ ਚੁੱਕ ਰਹੇ ਹਨ, ਉਨ੍ਹਾਂ ਨੂੰ ਇਸ ਟੈਰਿਫ ਤੋਂ ਛੋਟ ਮਿਲੇਗੀ। ਇਹ ਪਾਬੰਦੀਆਂ ਸਿਰਫ਼ ਊਰਜਾ ਖਰੀਦ ਤੱਕ ਹੀ ਸੀਮਤ ਨਹੀਂ ਹਨ, ਇਸ ‘ਚ ਰੂਸੀ ਅਧਿਕਾਰੀ, ਅਮੀਰ ਕਾਰੋਬਾਰੀ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਰੂਸੀ ਬੈਂਕ, ਵਿੱਤੀ ਸੰਸਥਾਵਾਂ ਅਤੇ ਰੂਸ ਦਾ ‘ਸ਼ੈਡੋ ਫਲੀਟ’ (ਗੈਰ-ਕਾਨੂੰਨੀ ਤੇਲ ਟੈਂਕਰ) ਵੀ ਸ਼ਾਮਲ ਹਨ।

