Tension prevails in violence-hit areas of Manipur; Chief Minister appeals for the maintenance of peace
ਮਣੀਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚ ਤਣਾਅਪੂਰਨ ਹਾਲਾਤ, ਮੁੱਖ ਮੰਤਰੀ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
ਇੰਫਾਲ (ਆਵਾਜ਼ਿ ਕੌਮ ਬਿਊਰੋ)- ਮਨੀਪੁਰ ਦੇ ਹਿੰਸਾ ਪ੍ਰਭਾਵਿਤ ਪਹਾੜੀ ਜ਼ਿਲਿਆਂ ‘ਚ ਐਤਵਾਰ ਨੂੰ ਤਣਾਅ ਦਾ ਮਾਹੌਲ ਬਣਿਆ ਰਿਹਾ। ਇਸ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਤਾਜ਼ਾ ਝੜਪਾਂ ‘ਚ ਮਰਨ ਵਾਲਿਆਂ ਦੀ ਗਿਣਤੀ ਨੌਂ ਹੋ ਗਈ। ਇਸ ਦੌਰਾਨ ਮੁੱਖ ਮੰਤਰੀ ਵਾਈ. ਖੇਮਚੰਦ ਸਿੰਘ ਨੇ ਸ਼ਾਂਤੀ ਅਤੇ ਸੰਜਮ ਦੀ ਅਪੀਲ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਸਥਿਤੀ ਨੂੰ ਕਾਬੂ ‘ਚ ਲਿਆਉਣ ਲਈ ਕਿਹਾ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕਾਮਜੋਂਗ, ਉਖਰੁਲ ਅਤੇ ਕਾਂਗਪੋਕਪੀ ਜ਼ਿਲਿਆਂ ‘ਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ‘ਚ ਮਾਰੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ਪੋਸਟ ‘ਚ ਮੁੱਖ ਮੰਤਰੀ ਸਿੰਘ ਨੇ ਕਿਹਾ, “ਮੈਂ ਹਿੰਸਾ ਅਤੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਦੀ ਨਿੰਦਾ ਕਰਦਾ ਹਾਂ। ਮੈਂ ਸਬੰਧਤ ਅਧਿਕਾਰੀਆਂ ਨੂੰ ਸਥਿਤੀ ਨੂੰ ਕੰਟਰੋਲ ਕਰਨ, ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਹਾਲ ਕਰਨ ਅਤੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।” ਸਿੰਘ ਨੇ ਸਾਰੇ ਭਾਈਚਾਰਿਆਂ ਨੂੰ ਸੰਜਮ ਵਰਤਣ ਅਤੇ ਸਥਿਤੀ ਨੂੰ ਸ਼ਾਂਤ ਕਰਨ ਲਈ ਸ਼ਾਂਤੀ, ਗੱਲਬਾਤ ਅਤੇ ਸਦਭਾਵਨਾ ਨੂੰ ਤਰਜੀਹ ਦੇਣ ਦੀ ਅਪੀਲ ਵੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਨੂੰ ਕਾਬੂ ਕਰਨ ਲਈ ਸਭ ਤੋਂ ਵੱਧ ਪ੍ਰਭਾਵਿਤ ਕਾਂਗਪੋਕਪੀ ਅਤੇ ਕਾਮਜੋਂਗ ਜ਼ਿਲਿਆਂ ‘ਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਹ ਕਤਲੇਆਮ ਸ਼ੁੱਕਰਵਾਰ ਰਾਤ ਨੂੰ ਸ਼ੁਰੂ ਹੋਇਆ ਜਦੋਂ 5 ਬੱਚਿਆਂ ਦੀ ਮਾਂ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਇਹ ਘਟਨਾ ਨਾਗਾ ਬਹੁਗਿਣਤੀ ਵਾਲੇ ਕਾਮਜੋਂਗ ਜ਼ਿਲ੍ਹੇ ਦੇ ਕੁਕੀ-ਪ੍ਰਭਾਵਸ਼ਾਲੀ ਚਾਸਾਦ ਪਿੰਡ ‘ਚ ਵਾਪਰੀ। 22 ਸਾਲਾ ਔਰਤ ਦੀ ਹੱਤਿਆ ਤੋਂ ਬਾਅਦ, ਕੁਕੀ ਅਤੇ ਨਾਗਾ ਹਥਿਆਰਬੰਦ ਸਮੂਹਾਂ ਵਿਚਕਾਰ ਗੋਲੀਬਾਰੀ ਹੋਈ, ਜੋ ਸ਼ਨੀਵਾਰ ਸਵੇਰ ਤੱਕ ਜਾਰੀ ਰਹੀ। ਇਸ ਝੜਪ ‘ਚ ਇਕ 42 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 10 ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਹਿੰਸਾ ਦੀਆਂ ਹੋਰ ਘਟਨਾਵਾਂ ਨੂੰ ਰੋਕਣ ਲਈ, ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ (BNSS) ਦੀ ਧਾਰਾ 162 ਦੇ ਤਹਿਤ ਪਿੰਡ ਵਿੱਚ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਚਾਸਾਦ ਘਟਨਾ ਤੋਂ ਬਾਅਦ, ਸ਼ੱਕੀ ਅੱਤਵਾਦੀਆਂ ਨੇ ਸ਼ਨੀਵਾਰ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਤਪਨ ਅਤੇ ਮਾਕੁਈ ਪਿੰਡਾਂ ‘ਤੇ ਹਮਲਾ ਕੀਤਾ। ਇਸ ਘਟਨਾ ਦੌਰਾਨ, ਦੋ ਨਾਗਾ ਗ੍ਰਾਮ ਗਾਰਡ, ਐਮ. ਦਾਇਮਾਈ ਅਤੇ ਆਰ. ਗੰਗਮੇਈ ਅਤੇ ਇਕ ਹੋਰ ਵਿਅਕਤੀ, ਰਿੰਗਕਾਂਗਮਾਈ ਮਾਰੇ ਗਏ। ਨਾਗਾ ਭਾਈਚਾਰੇ ਦੇ ਸਿਵਲ ਸੋਸਾਇਟੀ ਸੰਗਠਨ, ਵਰਕਿੰਗ ਕਮੇਟੀ ਜੇਟੀਸੀ ਮਨੀਪੁਰ ਨੇ ਵੀ ਦਾਅਵਾ ਕੀਤਾ ਕਿ ਅੱਤਵਾਦੀਆਂ ਨੇ ਇੱਕ ਪਿੰਡ ਵਾਸੀ ਅਜਿਨਬੋ ਆਰ. (52) ਦਾ ਸਿਰ ਕਲਮ ਕਰ ਦਿੱਤਾ। ਸੰਗਠਨ ਨੇ ਉਸਦੇ ਕੱਟੇ ਹੋਏ ਸਿਰ ਨੂੰ ਸਨਮਾਨਜਨਕ ਅੰਤਿਮ ਸੰਸਕਾਰ ਲਈ ਵਾਪਸ ਕਰਨ ਦੀ ਮੰਗ ਕੀਤੀ। ਅਧਿਕਾਰੀਆਂ ਦੇ ਅਨੁਸਾਰ, ਸ਼ੱਕੀ ਅੱਤਵਾਦੀ ਸ਼ਨੀਵਾਰ ਨੂੰ ਕਾਮਜੋਂਗ ਜ਼ਿਲੇ ‘ਚ ਭਾਰਤ-ਮਿਆਂਮਾਰ ਸਰਹੱਦ ਦੇ ਨੇੜੇ ਇਕ ਤੰਗਖੁਲ ਨਾਗਾ ਭਾਈਚਾਰੇ ਦੀ ਬਸਤੀ, ਨਿੰਗਚਾਊ ਪਿੰਡ ‘ਚ ਵੀ ਦਾਖਲ ਹੋਏ ਅਤੇ ਗੋਲੀਬਾਰੀ ਕੀਤੀ। ਇਸ ਘਟਨਾ ‘ਚ 35 ਸਾਲਾ ਨਗਾਚਾਨਸੋ ਨਿੰਗਸ਼ੇਨ ਅਤੇ 48 ਸਾਲਾ ਲੀਸ਼ੀਸ਼ਾਨ ਲੀਸ਼ਾਦਾਂਗ ਮਾਰੇ ਗਏ। ਘਟਨਾ ਤੋਂ ਬਾਅਦ ਸੁਰੱਖਿਆ ਬਲ ਪਿੰਡ ‘ਚ ਪਹੁੰਚੇ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਗੋਲੀਬਾਰੀ ਤੋਂ ਬਾਅਦ ਹਮਲਾਵਰ ਮਿਆਂਮਾਰ ਵੱਲ ਭੱਜ ਗਏ। ਸ਼ਨੀਵਾਰ ਨੂੰ, ਸ਼ੱਕੀ ਅੱਤਵਾਦੀਆਂ ਨੇ ਉਖਰੁਲ ਜ਼ਿਲੇ ਦੇ ਚੇਪੂ ਯਾਓਲੇਨ ਪਿੰਡ ਨੇੜੇ ਇਕ ਕਾਰ ‘ਤੇ ਗੋਲੀਬਾਰੀ ਕੀਤੀ, ਜਿਸ ‘ਚ 40 ਸਾਲਾ ਸੰਦੀਪ ਰਾਏ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੰਦੀਪ ਦੀ ਮੌਤ ਉਸ ਕਾਰ ਦੇ ਅੰਦਰ ਹੀ ਹੋ ਗਈ ਜੋ ਉਹ ਚਲਾ ਰਿਹਾ ਸੀ। ਕਾਂਗਪੋਕਪੀ ਜ਼ਿਲੇ ਦੇ ਮਾਕੁਈ ਅਸ਼ਾਂਗ ਅਤੇ ਤਪਨ ‘ਚ ਵੀ ਹਥਿਆਰਬੰਦ ਗਰੁੱਪਾਂ ਵਿਚਾਲੇ ਭਾਰੀ ਗੋਲੀਬਾਰੀ ਦੀ ਰਿਪੋਰਟ ਮਿਲੀ ਹੈ। ਇਸ ਸਾਲ ਫਰਵਰੀ ਤੋਂ ਕੂਕੀ ਅਤੇ ਨਾਗਾ ਆਦਿਵਾਸੀ ਭਾਈਚਾਰਿਆਂ ਵਿਚਕਾਰ ਚੱਲ ਰਹੀ ਹਿੰਸਾ ਵਿੱਚ 40 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਕਈ ਘਰ ਸਾੜ ਦਿੱਤੇ ਗਏ ਹਨ। ਇਸ ਤੋਂ ਪਹਿਲਾਂ, ਰਾਜ ‘ਚ ਇੰਫਾਲ ਘਾਟੀ ‘ਚ ਰਹਿਣ ਵਾਲੇ ਮੀਤੇਈ ਭਾਈਚਾਰੇ ਅਤੇ ਆਲੇ ਦੁਆਲੇ ਦੀਆਂ ਪਹਾੜੀਆਂ ‘ਚ ਰਹਿਣ ਵਾਲੇ ਕੂਕੀ ਭਾਈਚਾਰੇ ਵਿਚਕਾਰ ਨਸਲੀ ਹਿੰਸਾ ਹੋਈ ਸੀ, ਜਿਸ ‘ਚ ਸੈਂਕੜੇ ਲੋਕ ਮਾਰੇ ਗਏ ਸਨ।

