Tensions flare up again in Congress after the high command’s announcement!
ਹਾਈਕਮਾਨ ਦੇ ਐਲਾਨ ਮਗਰੋਂ ਕਾਂਗਰਸ ‘ਚ ਮੁੜ ਛਿੜਿਆ ਕਲੇਸ਼!
ਖਰੜ/ਮੋਰਿੰਡਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਵੱਲੋਂ ਕੀਤੇ ਗਏ ਵੱਡੇ ਬਦਲਾਅ ਨੂੰ ਲੈ ਕੇ ਕਾਂਗਰਸ ‘ਚ ਬਗਾਵਤ ਛਿੜ ਗਈ ਹੈ। ਪੰਜਾਬ ਕਾਂਗਰਸ ਦੀ ਨਵੀਂ ਟੀਮ ਦੇ ਐਲਾਨ ‘ਤੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਧਾਨ ਅਹੁਦੇ ‘ਚ ਬਦਲਾਅ ਨਾ ਹੋਣ ਤੋਂ ਨਾਰਾਜ਼ ਚੱਲ ਰਹੇ ਹਨ। ਇਹੀ ਕਾਰਨ ਹੈ ਕਿ ਦੋਵੇਂ ਆਗੂਆਂ ਨੇ ਅਜੇ ਤੱਕ ਹਾਈਕਮਾਨ ਤੋਂ ਅਹੁਦੇ ਮਿਲਣ ਤੋਂ ਬਾਅਦ ਧੰਨਵਾਦ ਤੱਕ ਨਹੀਂ ਕੀਤਾ। ਇਥੋਂ ਤੱਕ ਕਿ ਸੋਸ਼ਲ ਮੀਡੀਆ ਪੋਸਟ ਤੱਕ ਨਹੀਂ ਪਾਈ। ਕੰਪੇਨ ਕਮੇਟੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਚੰਨੀ ਨੇ ਚੁੱਪੀ ਸਾਧੀ ਹੈ ਅਤੇ ਮੋਰਿੰਡਾ ਵਿਖੇ ਆਪਣੇ ਘਰ ਵਿਚ ਭਲਕੇ 11 ਵਜੇ ਇਕ ਮੀਟਿੰਗ ਸੱਦੀ ਹੈ। ਇਸ ਮੀਟਿੰਗ ‘ਚ ਕਈ ਵੱਡੇ ਲੀਡਰ ਸ਼ਾਮਲ ਹੋ ਸਕਦੇ ਹਨ। ਹੁਣ ਚੰਨੀ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਇਹ ਵੇਖਣਾ ਹੋਵੇਗਾ ਕਿ ਚੰਨੀ ਧੜ੍ਹੇ ਵਿਚ ਕਿਹੜੇ-ਕਿਹੜੇ ਆਗੂ ਸ਼ਾਮਲ ਹੁੰਦੇ ਹਨ ਅਤੇ ਮੀਟਿੰਗ ਵਿਚ ਕੀ ਫ਼ੈਸਲੇ ਹੋ ਸਕਦੇ ਹਨ। ਤਾਜ਼ਾ ਬਦਲਾਅ ‘ਚ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਹੈ। ਉਥੇ ਹੀ ਸੁਖਜਿੰਦਰ ਰੰਧਾਵਾ ਨੂੰ ਟਿਕਟ-ਵੰਡ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜੋਕਿ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਹੈ। ਕਾਂਗਰਸ ਸੂਤਰਾਂ ਮੁਤਾਬਕ ਲਗਭਗ 10-15 ਸੀਨੀਅਰ ਪਾਰਟੀ ਆਗੂ ਨਵੀਂ ਟੀਮ ਦੇ ਗਠਨ ਤੋਂ ਖ਼ਾਸ ਤੌਰ ‘ਤੇ ਨਾਰਾਜ਼ ਹਨ। ਉਹ ਵੜਿੰਗ ਵਿਰੁੱਧ ਮੁਹਿੰਮ ਸ਼ੁਰੂ ਕਰ ਸਕਦੇ ਹਨ, ਜਿਵੇਂ ਕਿ ਨਵਜੋਤ ਸਿੱਧੂ ਨੇ 2021 ‘ਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਲਈ ਸ਼ੁਰੂ ਕੀਤੀ ਸੀ। ਇਸ ਨਾਰਾਜ਼ਗੀ ਦਾ ਇਕ ਵੱਡਾ ਕਾਰਨ ਕਾਂਗਰਸ ਦਾ ਟਰੈਂਡ ਹੈ, ਜਿਸ ‘ਚ ਪੰਜਾਬ ‘ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਅਣਹੋਂਦ ‘ਚ ਅਕਸਰ ਬਹੁਮਤ ਵਾਲੇ ਆਗੂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਲਈ ਵੱਖ-ਵੱਖ ਕਮੇਟੀਆਂ ਅਤੇ ਕਾਰਜਕਾਰੀ ਪ੍ਰਧਾਨਾਂ ਦਾ ਐਲਾਨ ਕੀਤਾ। ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ। ਵਿਜੈਇੰਦਰ ਸਿੰਗਲਾ ਨੂੰ ਚੋਣ ਪ੍ਰਬੰਧਣ ਅਤੇ ਤਾਲਮੇਲ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ ਅਤੇ ਡਾ. ਅਮਰ ਸਿੰਘ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਹਾਈਕਮਾਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਤਿੰਨ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ’ਚ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ ਸ਼ਾਮਲ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਉਣਾ ਸਭ ਤੋਂ ਵੱਡਾ ਸਿਆਸੀ ਸੰਦੇਸ਼ ਮੰਨਿਆ ਜਾ ਰਿਹਾ ਹੈ। ਚੰਨੀ ਅਜੇ ਵੀ ਕਾਂਗਰਸ ਦੇ ਸਭ ਤੋਂ ਹਰਮਨਪਿਆਰੇ ਆਗੂਆਂ ’ਚੋਂ ਇਕ ਮੰਨੇ ਜਾਂਦੇ ਹਨ। ਦਲਿਤ ਚਿਹਰੇ ਵਜੋਂ ਉਨ੍ਹਾਂ ਦੀ ਪਛਾਣ ਪਾਰਟੀ ਲਈ ਮਹੱਤਵਪੂਰਨ ਹੈ ਅਤੇ ਉਹ ਰੈਲੀਆਂ ’ਚ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਸਮਰੱਥਾ ਰੱਖਦੇ ਹਨ। ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ ਬਣਾਉਣਾ ਵੀ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਉਹ ਸੰਗਠਨ ਅਤੇ ਚੋਣਾਵੀ ਸਿਆਸਤ ਦੋਵਾਂ ’ਚ ਤਜ਼ਰਬੇਕਾਰ ਆਗੂ ਹਨ। ਕੋਰ ਕਮੇਟੀ ਚੋਣ ਰਣਨੀਤੀ, ਟਿਕਟਾਂ, ਸਿਆਸੀ ਮੁੱਦਿਆਂ ਅਤੇ ਵੱਡੇ ਫ਼ੈਸਲਿਆਂ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਨਿਯੁਕਤੀ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਹਾਈਕਮਾਂਡ ਪੰਜਾਬ ਦੀ ਚੋਣ ਰਣਨੀਤੀ ’ਚ ਰੰਧਾਵਾ ਦੇ ਤਜ਼ਰਬੇ ਦਾ ਪੂਰਾ ਇਸਤੇਮਾਲ ਕਰਨਾ ਚਾਹੁੰਦੀ ਹੈ। ਪ੍ਰਚਾਰ ਕਮੇਟੀ ਦੇ ਕੋ-ਚੇਅਰਮੈਨ ਵਜੋਂ ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ, ਡਾ. ਧਰਮਵੀਰ ਗਾਂਧੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਚੋਣ ਪ੍ਰਬੰਧਨ ਤੇ ਤਾਲਮੇਲ ਕਮੇਟੀ ’ਚ ਓ.ਪੀ. ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਅੰਗਦ ਸਿੰਘ ਸੈਣੀ, ਭਾਰਤ ਭੂਸ਼ਣ ਆਸ਼ੂ ਨੂੰ ਕੋ-ਚੇਅਰਮੈਨ ਬਣਾਇਆ ਗਿਆ ਹੈ। ਮੈਨੀਫੈਸਟੋ ਕਮੇਟੀ ’ਚ ਗੁਰਜੀਤ ਸਿੰਘ ਔਜਲਾ, ਪਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਕੋ-ਚੇਅਰਮੈਨ ਲਾਇਆ ਗਿਆ ਹੈ। ਕਾਂਗਰਸ ਹਾਈਕਮਾਂਡ ਦੇ ਇਸ ਫ਼ੈਸਲੇ ਨੂੰ ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਵਜੋਂ ਦੇਖਿਆ ਜਾ ਰਿਹਾ ਹੈ। ਵੱਖ-ਵੱਖ ਸੀਨੀਅਰ ਆਗੂਆਂ ਨੂੰ ਚੋਣ ਜ਼ਿੰਮੇਵਾਰੀਆਂ ਸੌਂਪ ਕੇ ਪਾਰਟੀ ਨੇ ਸੰਗਠਨ ਤੇ ਚੋਣ ਪ੍ਰਬੰਧਨ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਹੈ। ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਮੌਜੂਦਾ ਅਹੁਦਿਆਂ ’ਤੇ ਬਰਕਰਾਰ ਰੱਖ ਕੇ ਹਾਈਕਮਾਂਡ ਨੇ ਸੂਬਾਈ ਲੀਡਰਸ਼ਿਪ ’ਚ ਨਿਰੰਤਰਤਾ ਬਣਾਈ ਰੱਖਣ ਦਾ ਵੀ ਸੰਕੇਤ ਦਿੱਤਾ ਹੈ।

