Terror in sign printing shop located in Ranika Bagh, 10-12 armed youth created ruckus

ਰਾਣੀਕਾ ਬਾਗ ਸਥਿਤ ਸਾਈਨ ਪ੍ਰਿੰਟਿੰਗ ਦੁਕਾਨ ‘ਚ ਦਹਿਸ਼ਤ, 10–12 ਹਥਿਆਰਬੰਦ ਨੌਜਵਾਨਾਂ ਨੇ ਕੀਤਾ ਹੰਗਾਮਾ

ੰਮ੍ਰਿਤਸਰ ਦੇ ਰਾਣੀਕਾ ਬਾਗ ਇਲਾਕੇ ਵਿੱਚ ਸਥਿਤ ਇੱਕ ਸਾਈਨ ਪ੍ਰਿੰਟਿੰਗ ਦੁਕਾਨ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 10 ਤੋਂ 12 ਨੌਜਵਾਨ ਲਾਲ ਬੱਤੀ ਅਤੇ ਕਾਲੀਆਂ ਫਿਲਮਾਂ ਲੱਗੀਆਂ ਗੱਡੀਆਂ ‘ਚ ਸਵਾਰ ਹੋ ਕੇ ਦੁਕਾਨ ਦੇ ਅੰਦਰ ਦਾਖ਼ਲ ਹੋ ਗਏ। ਘਟਨਾ ਸਾਰੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਦੁਕਾਨ ਅੰਦਰ ਆ ਕੇ ਆਪਸੀ ਗੱਲਬਾਤ ਕਰ ਰਹੇ ਹਨ।

ਫਿਲਹਾਲ ਕਿਸੇ ਤਰ੍ਹਾਂ ਦੀ ਮਾਰਪੀਟ ਸਾਹਮਣੇ ਨਹੀਂ ਆਈ, ਪਰ ਪੁਲਿਸ ਵੱਲੋਂ ਸਬੰਧਤ ਵਿਅਕਤੀਆਂ ਨੂੰ ਰਾਊਂਡਅੱਪ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਲਾਲ ਬੱਤੀ ਲੱਗੀ ਗੱਡੀਆਂ ਅਤੇ ਕਾਲੀ ਫਿਲਮ ਦੇ ਮਾਮਲੇ ਦੀ ਵੀ ਕਾਨੂੰਨੀ ਤਸਦੀਕ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਪੀੜਿਤ ਦੁਕਾਨਦਾਰ ਚੰਦਨ ਸਬਰਵਾਲ ਨੇ ਦੱਸਿਆ ਕਿ ਉਸਨੂੰ ਪਹਿਲਾਂ ਕੈਨੇਡਾ ਤੋਂ ਅਣਜਾਣ ਨੰਬਰਾਂ ਤੋਂ ਧਮਕੀ ਭਰੇ ਫੋਨ ਆ ਰਹੇ ਸਨ। ਉਸ ਨੇ ਕਿਹਾ ਕਿ ਬਿਨਾਂ ਕਿਸੇ ਨਿੱਜੀ ਵੈਰ ਦੇ ਅਚਾਨਕ ਬਟਾਲਾ ਤੋਂ ਆਏ ਨੌਜਵਾਨ ਉਸ ਦੀ ਦੁਕਾਨ ‘ਚ ਦਾਖ਼ਲ ਹੋਏ ਅਤੇ ਧਮਕੀਆਂ ਦਿੱਤੀਆਂ। ਪੀੜਿਤ ਅਨੁਸਾਰ, ਇੱਕ ਨੌਜਵਾਨ ਕੋਲ ਹਥਿਆਰ ਵੀ ਸੀ ਅਤੇ ਉਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਚੰਦਨ ਸਬਰਵਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸ਼ਟਰ ਬੰਦ ਕਰਕੇ ਪੁਲਿਸ ਨੂੰ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜ਼ਿਆਦਾਤਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ, ਹਾਲਾਂਕਿ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਲਾਲ ਬੱਤੀ ਦੀ ਗ਼ੈਰਕਾਨੂੰਨੀ ਵਰਤੋਂ ਦੀ ਵੀ ਪੂਰੀ ਜਾਂਚ ਹੋਵੇ।

ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸੱਚ ਸਾਹਮਣੇ ਲਿਆਂਦਾ ਜਾਵੇਗਾ।