Testimony begins in corruption case against suspended Punjab DIG Bhullar
ਮੁਅੱਤਲ ਪੰਜਾਬ DIG ਭੁੱਲਰ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ’ਚ ਗਵਾਹੀ ਸ਼ੁਰੂ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਰਿਸ਼ਵਤ ਮਾਮਲੇ ’ਚ ਫਸੇ ਮੁਅੱਤਲ ਪੰਜਾਬ ਪੁਲਸ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਅਤੇ ਵਿਚੋਲਿਏ ਕ੍ਰਿਸ਼ਨੂ ਸ਼ਾਰਦਾ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਮਾਮਲੇ ’ਚ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਸੀ. ਬੀ. ਆਈ. ਅਦਾਲਤ ’ਚ ਗਵਾਹੀ ਸ਼ੁਰੂ ਹੋਈ। ਇਸਤਗਾਸਾ ਧਿਰ ਦੇ ਗਵਾਹ ਰਾਜ ਕੁਮਾਰ ਅਦਾਲਤ ’ਚ ਪੇਸ਼ ਹੋਏ ਅਤੇ ਉਨ੍ਹਾਂ ਦੀ ਮੁੱਖ ਗਵਾਹੀ ਸ਼ੁਰੂ ਹੋਈ। ਹਾਲਾਂਕਿ ਸੀ. ਬੀ. ਆਈ. ਦੇ ਸਰਕਾਰੀ ਵਕੀਲ ਦੀ ਬੇਨਤੀ ’ਤੇ ਅੱਗੇ ਦੀ ਗਵਾਹੀ ਮੁਲਤਵੀ ਕਰ ਦਿੱਤੀ ਗਈ। ਅਦਾਲਤ ਨੇ ਗਵਾਹ ਨੂੰ ਦਿਨ ਦੇ ਲਈ ਮੁਕਤ ਕਰਦੇ ਹੋਏ 2 ਸਤੰਬਰ ਨੂੰ ਦੁਬਾਰਾ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਹੋਰ ਇਸਤਗਾਸਾ ਗਵਾਹ ਸ਼ੁਭਮ ਅੰਗੁਰਾਲ ਵੀ ਅਦਾਲਤ ’ਚ ਮੌਜੂਦ ਸਨ, ਪਰ ਪਹਿਲੀ ਗਵਾਹੀ ਜਾਰੀ ਰਹਿਣ ਕਾਰਨ ਉਨ੍ਹਾਂ ਨੂੰ ਵੀ ਦਿਨ ਦੇ ਲਈ ਮੁਕਤ ਕਰ ਦਿੱਤਾ ਗਿਆ। ਉਨ੍ਹਾਂ ਨੂੰ ਬਾਅਦ ਦੀ ਤਾਰੀਖ਼ ’ਤੇ ਦੁਬਾਰਾ ਬੁਲਾਇਆ ਜਾਵੇਗਾ। ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਅਗਲੀ ਸੁਣਵਾਈ ਤੱਕ ਨਿਆਇਕ ਹਿਰਾਸਤ ’ਚ ਰੱਖਣ ਦਾ ਹੁਕਮ ਦਿੱਤਾ। ਨਿਰਧਾਰਤ ਮਿਤੀ ’ਤੇ ਉਨ੍ਹਾਂ ਨੂੰ ਅਦਾਲਤ ’ਚ ਸਰੀਰਕ ਤੌਰ ’ਤੇ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਰਾਜ ਕੁਮਾਰ ਇਸ ਮਾਮਲੇ ’ਚ ਬਰਾਮਦਗੀ ਦੇ ਗਵਾਹ ਹਨ। ਇਸ ਤੋਂ ਪਹਿਲਾਂ 23 ਜੁਲਾਈ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਦੇ ਗਵਾਹ ਸ਼ੁਭਮ ਅੰਗੁਰਾਲ ਅਤੇ ਪ੍ਰਸ਼ਾਂਤ ਕੁਮਾਰ ਗੌਰਵ ਸੀ.ਬੀ.ਆਈ. ਅਦਾਲਤ ’ਚ ਪੇਸ਼ ਨਹੀਂ ਹੋਏ ਸਨ। ਮੁਲਜ਼ਮ ਡੀ.ਆਈ.ਜੀ. ਵੱਲੋਂ ਵਕੀਲ ਐੱਸ.ਪੀ.ਐੱਸ. ਭੁੱਲਰ ਅਤੇ ਸੁਮੇਸ਼ ਜੈਨ ਅਦਾਲਤ ’ਚ ਪੇਸ਼ ਹੋਏ।

