The CM, who appealed against voting for the Akali Dal, has already conceded defeat: Harsimrat Kaur Badal
ਅਕਾਲੀ ਦਲ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨ ਵਾਲਾ CM ਪਹਿਲਾਂ ਹੀ ਹਾਰ ਮੰਨ ਗਿਆ : ਹਰਸਿਮਰਤ ਕੌਰ ਬਾਦਲ
ਗੁਰਾਇਆ (ਆਵਾਜ਼ਿ ਕੌਮ ਬਿਊਰੋ)-ਨਸ਼ੇ ਕਾਰਨ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ। ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਇਸ ਦੁਨੀਆ ਤੋਂ ਰੁਖਸਤ ਹੋ ਰਹੇ ਹਨ, ਦੂਜੇ ਪਾਸੇ ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨਾਲ ਵੀ ਧੋਖਾ ਕਰ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਮਾਣਯੋਗ ਹਾਈਕੋਰਟ ਵੱਲੋਂ ਪੀ. ਸੀ. ਐੱਸ. ਦੇ ਪੇਪਰਾਂ ਦੇ ਰਿਜ਼ਲਟ ’ਤੇ ਲਾਈ ਰੋਕ ਨਾਲ ਸਾਹਮਣੇ ਆ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਗੁਰਾਇਆ ਵਿਖੇ ਕੀਤਾ। ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਮਾਵਾਂ ਧੀਆਂ ਲਲਕਾਰ ਰੈਲੀ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਫਿਲੌਰ ਦੇ ਸ਼ਹਿਰ ਗੁਰਾਇਆ ’ਚ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦੀ ਅਗਵਾਈ ’ਚ ਕਰਵਾਈ ਰੈਲੀ ’ਚ ਪਹੁੰਚੇ ਸਨ। ਇਸ ’ਚ ਵੱਡੀ ਗਿਣਤੀ ’ਚ ਔਰਤਾਂ ਨੇ ਸ਼ਮੂਲੀਅਤ ਕੀਤੀ। ਅਕਾਲੀ ਦਲ ਦੇ ਇਕੱਠ ਨੇ ਵਿਰੋਧੀਆਂ ਨੂੰ ਚਿੰਤਾ ’ਚ ਜ਼ਰੂਰ ਪਾ ਦਿੱਤਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਦਾ ਗੁਰਾਇਆ ਪਹੁੰਚਣ ’ਤੇ ਬਲਦੇਵ ਸਿੰਘ ਖਹਿਰਾ, ਭਾਵਨਾ ਖਹਿਰਾ ਅਤੇ ਅਕਾਲੀ ਦਲ ਦੇ ਲੀਡਰਾਂ ਵੱਲੋਂ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਬੀਬੀ ਬਾਦਲ ਨੇ ਕਿਹਾ ਅਕਾਲੀ ਦਲ ਦੀ ਸਰਕਾਰ 10 ਸਾਲ ਤੋਂ ਸੱਤਾ ’ਚ ਨਹੀਂ ਹੈ ਪਰ ਆਮ ਆਦਮੀ ਪਾਰਟੀ ਤੇ ਵਿਰੋਧੀ ਪਹਿਲਾਂ ਹੀ ਆਪਣੀ ਹਾਰ ਮਨ ਚੁੱਕੇ ਹਨ, ਕਿਉਂਕਿ ਮੁੱਖ ਮੰਤਰੀ ਤਾਂ ਹੁਣ ਸਟੇਜਾਂ ਤੋਂ ਇਹ ਵੀ ਕਹਿਣ ਲੱਗ ਪਿਆ ਹੈ ਕਿ ਅਕਾਲੀ ਦਲ ਨੂੰ ਵੋਟ ਨਾ ਪਾਇਓ, ਬਾਕੀ ਜਿਸ ਨੂੰ ਮਰਜ਼ੀ ਵੋਟ ਪਾ ਦਿਓ, ਇਸ ਤੋਂ ਸਾਫ ਪਤਾ ਲੱਗ ਗਿਆ ਹੈ ਕਿ ਆਮ ਆਦਮੀ ਪਾਰਟੀ ਹਾਰ ਮੰਨ ਚੁੱਕੀ ਹੈ ਤੇ ਹੁਣ ਆਪਣੀ ਭਾਈਵਾਲ ਪਾਰਟੀ, ਜਿਨ੍ਹਾਂ ਦਾ ਬਾਹਰ ਇਨ੍ਹਾਂ ਨਾਲ ਸਮਝੌਤਾ ਹੈ, ਉਨ੍ਹਾਂ ਨੂੰ ਅਸਿੱਧੇ ਤੌਰ ’ਤੇ ਵੋਟ ਪਾਉਣ ਦੀ ਅਪੀਲ ਕਰਨ ਲੱਗ ਪਏ ਹਨ। ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਇਸ ਰੈਲੀ ਵਿਚ ਠਾਠਾਂ ਮਾਰਦੇ ਇਕੱਠ ਲਈ ਸਮੂਹ ਵਰਕਰਾਂ ਦਾ ਬੀਬੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਭਾਵਨਾ ਖਹਿਰਾ ਸਮੇਤ ਅਕਾਲੀ ਦਲ ਦੇ ਜ਼ਿਲਾ ਪ੍ਰੀਸ਼ਦ ਬਲਾਕ ਸੰਮਤੀ ਪੰਚ ਸਰਪੰਚ ਵਰਕਰ ਹਾਜ਼ਰ ਸਨ।

The CM, who appealed against voting for the Akali Dal, has already conceded defeat: Harsimrat Kaur Badal
