The country’s first hydrogen train will run from Haryana, PM Modi will flag off on July 17
ਹਰਿਆਣਾ ਤੋਂ ਚੱਲੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ, 17 ਜੁਲਾਈ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ-ਸੰਚਾਲਿਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਜ਼ਾਰਾਂ ਕਰੋੜਾਂ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਦੌਰਾ ਹਰਿਆਣਾ ਦੇ ਵਿਕਾਸ ‘ਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕਰੇਗਾ। ਜੀਂਦ ‘ਚ ਆਯੋਜਿਤ ਪ੍ਰੈੱਸ ਵਾਰਤਾ ‘ਚ ਕ੍ਰਿਸ਼ਨ ਕੁਮਾਰ ਬੇਦੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਐਕਲਵਯ ਸਟੇਡੀਅਮ ਦੇ ਸਾਹਮਣੇ ਸਥਿਤ ਮੈਦਾਨ ‘ਚ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਵਰਚੁਅਲ ਮਾਧਿਅਮ ਨਾਲ ਰਾਜ ਦੇ ਵੱਖ-ਵੱਖ ਹਿੱਸਿਆਂ ‘ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਭਿਵਾਨੀ ਅਤੇ ਨਾਰਨੌਲ ‘ਚ ਬਣੇ 2 ਨਵੇਂ ਸ਼੍ਰੀਰਾਮ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ। ਨਾਲ ਹੀ 10 ਕਿਲੋਮੀਟਰ ਲੰਬੇ ਕੁਰੂਕੁਸ਼ੇਤਰ ਐਲੀਵੇਟੇਡ ਰੇਲਵੇ ਟਰੈਕ ਦਾ ਵੀ ਉਦਘਾਟਨ ਕਰਨਗੇ, ਜਿਸ ਨਾਲ ਰੇਲਵੇ ਫਾਟਕਾਂ ‘ਤੇ ਲੱਗਣ ਵਾਲੇ ਜਾਮ ਤੋਂ ਰਾਹਤ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਅੰਬਾਲਾ-ਕਾਲਾ ਅੰਬ ਗ੍ਰੀਨਫੀਲਡ ਫੋਰਲੇਨ ਕੋਰੀਡੋਰ, ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਦੇ ਹਰਿਆਣਾ ਭਾਗ, ਜੀਂਦ-ਗੋਹਾਨਾ ਐੱਨ-ਐੱਚ-352ਏ, ਹਿਸਾਰ-ਬਰਵਾਲਾ ਫੋਰਲੇਨ ਸੜਕ ਅਤੇ ਬੀਕਾਨੇਰ-ਸਿਵਾਨੀ-ਸੋਨੀਪਤ ਸੜਕ ਪ੍ਰਾਜੈਕਟ ਦੇ ਵਿਸਥਾਰ ਦਾ ਉਦਘਾਟਨ ਕੀਤਾ ਜਾਵੇਗਾ। ਉੱਥੇ ਹੀ ਕੁਰੂਕੁਸ਼ੇਤਰ ਦੇ ਆਧੁਨਿਕ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਹਰਿਆਣਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਮਿਲੇਗੀ, ਸਿਹਤ ਸੇਵਾਵਾਂ ਬਿਹਤਰ ਹੋਣਗੀਆਂ ਅਤੇ ਸੜਕ ਤੇ ਟਰਾਂਸਪੋਰਟ ਸੰਪਰਕ ‘ਚ ਸੁਧਾਰ ਆਏਗਾ। ਨਾਲ ਹੀ ਉਦਯੋਗਿਕ ਅਤੇ ਵਪਾਰਕ ਵਿਕਾਸ ਨੂੰ ਵੀ ਨਵੀਂ ਗਤੀ ਮਿਲੇਗੀ।

