The events of December 2 were aimed at the revival of the Akali Dal and Panthic unity: Giani Harpreet Singh
2 ਦਸੰਬਰ ਦਾ ਘਟਨਾਕ੍ਰਮ ਅਕਾਲੀ ਦਲ ਦੀ ਪੁਨਰ-ਸੁਰਜੀਤੀ ਤੇ ਪੰਥਕ ਏਕਤਾ ਲਈ ਸੀ : ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ ਘਟਨਾਕ੍ਰਮ ਅਕਾਲੀ ਦਲ ਦੀ ਪੁਨਰ-ਸੁਰਜੀਤੀ ਅਤੇ ਪੰਥਕ ਏਕਤਾ ਲਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਆਗੂਆਂ ਨੇ ਪੰਜ ਸਿੰਘ ਸਾਹਿਬਾਨ ਨੂੰ ਸਾਜ਼ਿਸ਼ਕਰਤਾ ਦੱਸ ਕੇ ਬਦਨਾਮ ਕੀਤਾ ਤੇ ਬਾਅਦ ’ਚ ਜਥੇਦਾਰਾਂ ਨੂੰ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਅਨੁਸਾਰ ਲੋਕਤੰਤਰਿਕ ਢੰਗ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਜਾ ਸਕਦਾ ਸੀ ਪਰ ਕੁਝ ਆਗੂਆਂ ਨੇ ਹੁਕਮਨਾਮਿਆਂ ਨੂੰ ਨਜ਼ਰਅੰਦਾਜ਼ ਕਰ ਕੇ ਖੁਦ ਨੂੰ ਪ੍ਰਧਾਨ ਵਜੋਂ ਥੋਪਿਆ। ਗਿਆਨੀ ਹਰਪ੍ਰੀਤ ਸਿੰਘ ਨੇ ਪੰਥਕ ਏਕਤਾ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬ ਤੇ ਸਮੁੱਚੇ ਪੰਥ ਤੋਂ ਮੁਆਫੀ ਮੰਗਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਹੁਦਿਆਂ ਜਾਂ ਸੱਤਾ ਦੇ ਲਾਲਚ ’ਚ ਕਿਸੇ ਨਾਲ ਮਿਲ ਜਾਣ ਨੂੰ ਪੰਥਕ ਏਕਤਾ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਆਪਣੀ ਪਾਰਟੀ ਦੇ ਆਗੂਆਂ ਨੂੰ ਵੀ ਹਦਾਇਤ ਕੀਤੀ ਕਿ ਏਕਤਾ ਸਬੰਧੀ ਕੋਈ ਬਿਆਨ ਦੇਣ ਤੋਂ ਪਹਿਲਾਂ 2 ਦਸੰਬਰ ਦੇ ਹੁਕਮਨਾਮਿਆਂ ਨੂੰ ਧਿਆਨ ’ਚ ਰੱਖਿਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਲਾਈਨ ਤੋਂ ਬਾਹਰ ਦਿੱਤੇ ਜਾਣ ਵਾਲੇ ਬਿਆਨ ਸਬੰਧਤ ਆਗੂਆਂ ਦੇ ਨਿੱਜੀ ਵਿਚਾਰ ਹਨ ਤੇ ਇਨ੍ਹਾਂ ਦਾ ਪਾਰਟੀ ਦੀ ਨੀਤੀ ਨਾਲ ਕੋਈ ਸਬੰਧ ਨਹੀਂ।

