The US military will destroy bomb-making chemicals through an explosion
ਬੰਬ ਬਣਾਉਣ ਵਾਲੇ ਰਸਾਇਣਾਂ ਨੂੰ ਧਮਾਕੇ ਨਾਲ ਤਬਾਹ ਕਰੇਗੀ ਅਮਰੀਕੀ ਫ਼ੌਜ
ਫੀਨਿਕਸ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਫ਼ੌਜ ਨੇ ਬੰਬ ਬਣਾਉਣ ’ਚ ਵਰਤੇ ਜਾਣ ਵਾਲੇ ਕਈ ਟਨ ਰਸਾਇਣਾਂ ਨੂੰ ਆਯੋਵਾ ਸੂਬੇ ਵਿਚ ਧਮਾਕੇ ਰਾਹੀਂ ਤਬਾਹ ਕਰਨ ਦੀ ਯੋਜਨਾ ’ਤੇ ਲੱਗੀ ਅਦਾਲਤੀ ਰੋਕ ਤੋਂ ਬਚਣ ਲਈ ਐਮਰਜੈਂਸੀ ਪ੍ਰਬੰਧਾਂ ਦਾ ਸਹਾਰਾ ਲੈਣ ਦਾ ਫ਼ੈਸਲਾ ਕੀਤਾ ਹੈ। ਫ਼ੌਜ ਦਾ ਕਹਿਣਾ ਹੈ ਕਿ ਠੰਢ ਵਧਣ ਦੇ ਨਾਲ ਇਨ੍ਹਾਂ ਰਸਾਇਣਾਂ ਤੋਂ ਖ਼ਤਰਾ ਹੋਰ ਗੰਭੀਰ ਹੋ ਸਕਦਾ ਹੈ ਅਤੇ ਕਾਰਵਾਈ ਵਿਚ ਲਗਾਤਾਰ ਦੇਰੀ ਨਾਲ ਜੋਖਮ ਵਧੇਗਾ। ਦਰਅਸਲ ਮਾਰਚ ’ਚ ਆਯੋਵਾ ਸਥਿਤ ਫ਼ੌਜ ਦੇ ਗੋਲਾ-ਬਾਰੂਦ ਨਿਰਮਾਣ ਪਲਾਂਟ ਦੇ ਮੁਲਾਜ਼ਮਾਂ ਨੂੰ ਖ਼ਰਾਬ ਹੋ ਚੁੱਕੇ ‘ਲੈੱਡ ਅਜ਼ਾਈਡ’ ਨਾਂ ਦੇ ਰਸਾਇਣ ਨਾਲ ਭਰੇ ਕਈ ਦਰਜਨ ਡਰੰਮ ਮਿਲੇ ਸਨ। ‘ਲੈੱਡ ਅਜ਼ਾਈਡ’ ਇਕ ਅਤਿ ਸੰਵੇਦਨਸ਼ੀਲ ਅਤੇ ਧਮਾਕਾਖੇਜ਼ ਰਸਾਇਣਕ ਪਦਾਰਥ ਹੈ, ਜਿਸ ਵਿਚ ਸਿੱਕਾ ਹੁੰਦਾ ਹੈ। ਇਸ ਦੀ ਵਰਤੋਂ ਗੋਲਾ-ਬਾਰੂਦ ਅਤੇ ਧਮਾਕਾਖੇਜ਼ ਪਦਾਰਥਾਂ ਵਿਚ ਧਮਾਕਾ ਕਰਨ ਲਈ ਕੀਤੀ ਜਾਂਦੀ ਹੈ। ਇਸ ਪਦਾਰਥ ਵਿਚ ਕ੍ਰਿਸਟਲ ਬਣਨ ਦੀ ਪ੍ਰਕਿਰਿਆ ਨੇ ਇਸ ਨੂੰ ਬਹੁਤ ਜ਼ਿਆਦਾ ਅਸਥਿਰ ਅਤੇ ਖ਼ਤਰਨਾਕ ਬਣਾ ਦਿੱਤਾ ਸੀ। ਇਸ ਤੋਂ ਬਾਅਦ ਫ਼ੌਜ ਨੇ ਰਸਾਇਣ ਵਿਗਿਆਨ, ਇੰਜੀਨੀਅਰਿੰਗ ਅਤੇ ਵਾਤਾਵਰਣ ਸੁਰੱਖਿਆ ਦੇ ਮਾਹਿਰਾਂ ਦੀ ਇਕ ਟੀਮ ਗਠਿਤ ਕੀਤੀ ਤਾਂ ਜੋ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਤਬਾਹ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਸਕੇ।

