Oil spill at Colombo port: 3 km of coastline affected; cleanup operation underway
ਕੋਲੰਬੋ ਬੰਦਰਗਾਹ ‘ਤੇ ਤੇਲ ਦਾ ਰਿਸਾਅ: 3 ਕਿਲੋਮੀਟਰ ਤੱਕ ਸਮੁੰਦਰੀ ਤੱਟ ਹੋਇਆ ਖ਼ਰਾਬ, ਸਫ਼ਾਈ ਅਭਿਆਨ ਸ਼ੁਰੂ
ਕੋਲੰਬੋ (ਆਵਾਜ਼ਿ ਕੌਮ ਬਿਊਰੋ)-ਸ਼੍ਰੀਲੰਕਾ ਦੀ ਕੋਲੰਬੋ ਬੰਦਰਗਾਹ ’ਤੇ ਤੇਲ ਰਿਸਾਅ ਕਾਰਨ ਮੁਤੂਵਾਲ ਸਮੁੰਦਰੀ ਤੱਟ ਸਮੇਤ 3 ਕਿਲੋਮੀਟਰ ਤੋਂ ਵੱਧ ਲੰਬਾ ਤੱਟੀ ਇਲਾਕਾ ਪ੍ਰਦੂਸ਼ਿਤ ਹੋਣ ਤੋਂ ਬਾਅਦ ਤੇਲ ਦੇ ਫੈਲਾਅ ਨੂੰ ਰੋਕਣ ਅਤੇ ਪ੍ਰਭਾਵਿਤ ਇਲਾਕਿਆਂ ਦੀ ਸਫ਼ਾਈ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ, ਸ਼ਨੀਵਾਰ ਸਵੇਰੇ ਕੋਲੰਬੋ ਬੰਦਰਗਾਹ ਦੇ ‘ਜਯਾ ਕੰਟੇਨਰ ਟਰਮੀਨਲ’ (ਜੇ. ਸੀ. ਟੀ.) ਨੰਬਰ 108 ’ਤੇ ਸਥਿਤ ਇਕ ਭੰਡਾਰਨ ਟੈਂਕ ਤੋਂ ਤੇਲ ਦਾ ਰਿਸਾਅ ਹੋਇਆ। ਇਸ ਟੈਂਕ ਦੀ ਸਮਰੱਥਾ ਲੱਗਭਗ 1000 ਟਨ ਸੀ ਅਤੇ ਘਟਨਾ ਸਮੇਂ ਇਹ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਸ਼੍ਰੀਲੰਕਾ ਸਰਕਾਰ ਦੇ ਅਧਿਕਾਰਤ ਨਿਊਜ਼ ਪੋਰਟਲ ‘ਨਿਊਜ਼ ਡਾਟ ਐੱਲ.ਕੇ.’ ਦੀ ਖ਼ਬਰ ਮੁਤਾਬਕ ਟੈਂਕ ਦੇ ਨੁਕਸਾਨੇ ਗਏ ਨਿਕਾਸੀ ਵਾਲਵ ਤੋਂ ਮਰੀਨ ਗੈਸ ਆਇਲ (ਐੱਮ.ਜੀ.ਓ.) ਦਾ ਰਿਸਾਅ ਹੋਇਆ। ਐੱਮ.ਜੀ.ਓ. ਇਕ ਹਲਕਾ ਅਤੇ ਸੋਧਿਆ ਹੋਇਆ ਪੈਟਰੋਲੀਅਮ ਈਂਧਨ ਹੈ। ਖ਼ਬਰ ਅਨੁਸਾਰ ਸ਼੍ਰੀਲੰਕਾ ਬੰਦਰਗਾਹ ਅਥਾਰਟੀ (ਐੱਸ.ਐੱਲ.ਪੀ.ਏ.) ਨੇ ਸ਼ਨੀਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਕਰੀਬ ਸਾਢੇ ਦਸ ਵਜੇ ਤੇਲ ਦੇ ਰਿਸਾਅ ਨੂੰ ਰੋਕ ਦਿੱਤਾ। ਘਟਨਾ ਦੀ ਸੂਚਨਾ ਮਿਲਣ ਦੇ ਲੱਗਭਗ ਇਕ ਘੰਟੇ ਦੇ ਅੰਦਰ ਰਿਸਾਅ ’ਤੇ ਕਾਬੂ ਪਾ ਲਿਆ ਗਿਆ ਸੀ।

