1,389 Indian minors in custody in the US; not a single one has been sent back
ਅਮਰੀਕਾ ’ਚ 1389 ਭਾਰਤੀ ਨਾਬਾਲਗ ਹਿਰਾਸਤ ਵਿਚ, ਇਕ ਨੂੰ ਵੀ ਵਾਪਸ ਨਹੀਂ ਭੇਜਿਆ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਇਮੀਗ੍ਰੇਸ਼ਨ ਕਾਰਵਾਈ ਦਾ ਅਸਰ ਹੁਣ ਭਾਰਤੀ ਨਾਬਾਲਗਾਂ ’ਤੇ ਵੀ ਸਾਫ਼ ਦਿਖਾਈ ਦੇਣ ਲੱਗਾ ਹੈ। ਅਮਰੀਕੀ ਸਰਹੱਦੀ ਅਧਿਕਾਰੀਆਂ ਨੇ ਵਿੱਤੀ ਸਾਲ 2023 ਤੋਂ ਹੁਣ ਤੱਕ 1389 ਅਜਿਹੇ ਭਾਰਤੀ ਬੱਚਿਆਂ ਨੂੰ ਹਿਰਾਸਤ ’ਚ ਲਿਆ ਹੈ, ਜੋ ਬਿਨਾਂ ਮਾਤਾ-ਪਿਤਾ ਜਾਂ ਕਿਸੇ ਕਾਨੂੰਨੀ ਸਰਪ੍ਰਸਤ ਦੇ ਅਮਰੀਕਾ ਪਹੁੰਚੇ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਇਕ ਵੀ ਬੱਚੇ ਨੂੰ ਹੁਣ ਤੱਕ ਭਾਰਤ ਵਾਪਸ ਨਹੀਂ ਭੇਜਿਆ ਗਿਆ ਹੈ। ਹਾਲਾਂਕਿ, ਅਮਰੀਕੀ ਅਧਿਕਾਰੀਆਂ ਦੇ ਅੰਕੜਿਆਂ ਮੁਤਾਬਕ, ਇਕੱਲਿਆਂ ਸਰਹੱਦ ਪਾਰ ਕਰਨ ਵਾਲੇ ਭਾਰਤੀ ਬੱਚਿਆਂ ਦੀ ਗਿਣਤੀ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ ਗਿਰਾਵਟ ਆਈ ਹੈ। ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਵਿਭਾਗ (ਯੂ. ਐੱਸ. ਸੀ. ਬੀ. ਪੀ.) ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2023 ’ਚ 730 ਭਾਰਤੀ ਨਾਬਾਲਗਾਂ ਨੂੰ ਇਕੱਲਿਆਂ ਅਮਰੀਕਾ ਵਿਚ ਦਾਖ਼ਲ ਹੁੰਦੇ ਹੋਏ ਫੜਿਆ ਗਿਆ ਸੀ। ਵਿੱਤੀ ਸਾਲ 2024 ’ਚ ਇਹ ਗਿਣਤੀ ਘਟ ਕੇ 517 ਰਹਿ ਗਈ। ਇਸ ਤੋਂ ਬਾਅਦ ਵਿੱਤੀ ਸਾਲ 2025 ’ਚ 91 ਅਤੇ ਵਿੱਤੀ ਸਾਲ 2026 ’ਚ ਸਿਰਫ਼ 51 ਭਾਰਤੀ ਬੱਚੇ ਫੜੇ ਗਏ। ਵਿੱਤੀ ਸਾਲ 2027 ਦੇ ਪਹਿਲੇ ਮਹੀਨੇ ਅਕਤੂਬਰ 2026 ’ਚ ਇਹ ਅੰਕੜਾ ਹੋਰ ਡਿੱਗ ਕੇ ਸਿਰਫ 2 ਰਹਿ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ’ਚ ਸਖ਼ਤ ਸਰਹੱਦੀ ਨਿਗਰਾਨੀ ਅਤੇ ਇਮੀਗ੍ਰੇਸ਼ਨ ਕਾਰਵਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ ਮੁਤਾਬਕ ਇਹ ਗਿਰਾਵਟ ਸਿਰਫ਼ ਭਾਰਤੀ ਬੱਚਿਆਂ ਤੱਕ ਸੀਮਤ ਨਹੀਂ ਹੈ। ਅਮਰੀਕੀ ਅਧਿਕਾਰੀਆਂ ਨੇ ਵਿੱਤੀ ਸਾਲ 2024 ’ਚ ਸਾਰੇ ਦੇਸ਼ਾਂ ਦੇ ਕਰੀਬ 1.1 ਲੱਖ ਇਕੱਲਿਆਂ ਪਹੁੰਚੇ ਬੱਚਿਆਂ ਨੂੰ ਫੜਿਆ ਸੀ। ਵਿੱਤੀ ਸਾਲ 2025 ’ਚ ਇਹ ਗਿਣਤੀ ਘਟ ਕੇ 29,584 ਅਤੇ ਵਿੱਤੀ ਸਾਲ 2026 ’ਚ 9,190 ਰਹਿ ਗਈ। ਅਕਤੂਬਰ, 2026 ’ਚ 722 ਅਜਿਹੇ ਬੱਚੇ ਦਰਜ ਕੀਤੇ ਗਏ। ਗੁਜਰਾਤ ਦੇ ਇਕ ਕਾਰੋਬਾਰੀ, ਜਿਨ੍ਹਾਂ ਨੂੰ 2012 ’ਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ, ਨੇ ਦੱਸਿਆ ਕਿ ਉਨ੍ਹਾਂ ਦਾ 17 ਸਾਲਾ ਪੁੱਤਰ 12 ਸਾਲ ਦੀ ਉਮਰ ਤੋਂ ਟੈਕਸਾਸ ’ਚ ਰਹਿ ਰਿਹਾ ਹੈ, ਪਰ ਹੁਣ ਸ਼ਰਨ ਸਬੰਧੀ ਸੁਣਵਾਈ ਵਿਚ ਜਾਣ ਤੋਂ ਡਰਦਾ ਹੈ। ਉਸ ਨੂੰ ਖ਼ਦਸ਼ਾ ਹੈ ਕਿ ਅਧਿਕਾਰੀਆਂ ਦੇ ਹੱਥ ਲੱਗਣ ’ਤੇ ਭਾਰਤ ਭੇਜ ਦਿੱਤਾ ਜਾਵੇਗਾ। ਕਾਰੋਬਾਰੀ ਮੁਤਾਬਕ, ਪੁੱਤਰ ਲੁਕ ਕੇ ਗੈਸ ਸਟੇਸ਼ਨ ’ਤੇ ਕੰਮ ਕਰ ਰਿਹਾ ਹੈ ਅਤੇ ਇਕ ਧਾਰਮਿਕ ਸੰਪਰਦਾ ਦੇ ਮੈਂਬਰਾਂ ਨਾਲ ਰਹਿ ਰਿਹਾ ਹੈ। ਸਖ਼ਤੀ ਦੇ ਬਾਵਜੂਦ ਅਮਰੀਕਾ ਵਿਚ ਗੈਰ-ਕਾਨੂੰਨੀ ਦਾਖ਼ਲੇ ਦੀ ਕੋਸ਼ਿਸ਼ ਕਰਨ ਵਾਲਿਆਂ ਵਿਚ ਭਾਰਤੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਵਿੱਤੀ ਸਾਲ 2026 ਵਿਚ ਭਾਰਤੀ ਨਾਗਰਿਕਾਂ ਨਾਲ ਜੁੜੇ 30,528 ਮਾਮਲੇ ਦਰਜ ਕੀਤੇ ਗਏ। ਇਸ ਸੂਚੀ ’ਚ ਭਾਰਤ ਤੀਜੇ ਸਥਾਨ ’ਤੇ ਰਿਹਾ। ਭਾਰਤ ਤੋਂ ਅੱਗੇ ਸਿਰਫ਼ ਮੈਕਸੀਕੋ ਅਤੇ ਕੈਨੇਡਾ ਰਹੇ। ਅਮਰੀਕਾ ’ਚ ਇਮੀਗ੍ਰੇਸ਼ਨ ਨੈੱਟਵਰਕ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸਖ਼ਤ ਕਾਰਵਾਈ ਅਤੇ ਤੇਜ਼ੀ ਨਾਲ ਦੇਸ਼ ਨਿਕਾਲੇ ਕਾਰਨ ਇਹ ਗਿਰਾਵਟ ਆਈ ਹੈ। ਪਹਿਲਾਂ ਕਥਿਤ ਤੌਰ ’ਤੇ ਕੁਝ ਪਰਿਵਾਰ ਨਾਬਾਲਗ ਬੱਚਿਆਂ ਨੂੰ ਅਮਰੀਕਾ ਭੇਜਦੇ ਸਨ, ਤਾਂ ਜੋ ਉਨ੍ਹਾਂ ਰਾਹੀਂ ਮਾਤਾ-ਪਿਤਾ ਜਾਂ ਰਿਸ਼ਤੇਦਾਰਾਂ ਲਈ ਕਾਨੂੰਨੀ ਰਿਹਾਇਸ਼ ਹਾਸਲ ਕਰਨ ਦੀਆਂ ਸੰਭਾਵਨਾਵਾਂ ਵਧ ਸਕਣ। ਅਜਿਹੇ ਬੱਚਿਆਂ ਨੂੰ ਗੈਰ-ਰਸਮੀ ਤੌਰ ’ਤੇ ‘ਗ੍ਰੀਨ ਕਾਰਡ ਬ੍ਰਿੰਗਰਜ਼’ ਕਿਹਾ ਜਾਂਦਾ ਸੀ। ਹੁਣ ਤੇਜ਼ੀ ਨਾਲ ਦੇਸ਼ ਨਿਕਾਲੇ ਦੀ ਕਾਰਵਾਈ ਕਾਰਨ ਇਹ ਤਰੀਕਾ ਘੱਟ ਹੁੰਦਾ ਜਾ ਰਿਹਾ ਹੈ।

