Ukraine launched an attack on a naval base in Libya, 2,400 km away! Claims to have sunk a Russian warship
ਯੂਕ੍ਰੇਨ ਨੇ 2,400 KM ਦੂਰ ਲੀਬੀਆ ਦੇ ਨੇਵਲ ਬੇਸ ‘ਤੇ ਕੀਤਾ ਹਮਲਾ ! ਰੂਸੀ ਜੰਗੀ ਬੇੜੇ ਨੂੰ ਡੁਬਾਉਣ ਦਾ ਕੀਤਾ ਦਾਅਵਾ
Russia, (ਆਵਾਜ਼ਿ ਕੌਮ ਬਿਊਰੋ)-ਰੂਸ ਨਾਲ ਜਾਰੀ ਜੰਗ ’ਚ ਯੂਕ੍ਰੇਨ ਨੇ ਹੁਣ ਸਮੁੰਦਰ ’ਚ ਵੀ ਆਪਣੀ ਲੰਬੀ ਦੂਰੀ ਤੱਕ ਹਮਲਾ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫ਼ੌਜ ਨੇ ਲੀਬੀਆ ਦੀ ਸਮੁੰਦਰੀ ਫੌਜ ਦੇ ਅੱਡੇ ’ਤੇ ਖੜ੍ਹੇ ਰੂਸੀ ਜੰਗੀ ਬੇੜੇ ਨੂੰ ਸਮੁੰਦਰੀ ਡਰੋਨ ਨਾਲ ਨਿਸ਼ਾਨਾ ਬਣਾ ਕੇ ਡੁਬੋ ਦਿੱਤਾ। ਇਸ ਹਮਲੇ ’ਚ ਜੰਗੀ ਬੇੜੇ ’ਤੇ ਮੌਜੂਦ ਇਕ ਲੜਾਕੂ ਹੈਲੀਕਾਪਟਰ ਵੀ ਤਬਾਹ ਹੋ ਗਿਆ। ਇਹ ਕਾਰਵਾਈ ਯੂਕ੍ਰੇਨ ਦੀ ਸਰਹੱਦ ਤੋਂ ਕਰੀਬ 2,400 ਕਿਲੋਮੀਟਰ ਦੂਰ ਭੂਮੱਧ ਸਾਗਰ ਵਿਚ ਕੀਤੀ ਗਈ। ਜੇ ਯੂਕ੍ਰੇਨ ਦਾ ਦਾਅਵਾ ਸਹੀ ਸਾਬਤ ਹੁੰਦਾ ਹੈ ਤਾਂ ਇਹ ਰੂਸ ਦੀ ਸਮੁੰਦਰੀ ਫੌਜੀ ਤਾਕਤ ਲਈ ਵੱਡਾ ਝਟਕਾ ਮੰਨਿਆ ਜਾਵੇਗਾ। ਜ਼ੇਲੈਂਸਕੀ ਨੇ ਦੱਸਿਆ ਕਿ ਯੂਕ੍ਰੇਨੀ ਸੁਰੱਖਿਆ ਸੇਵਾ ਅਤੇ ਰੱਖਿਆ ਫੋਰਸਾਂ ਨੇ ਘਰੇਲੂ ਤਕਨੀਕ ਨਾਲ ਤਿਆਰ ਕੀਤੇ ਗਏ 7 ਸਮੁੰਦਰੀ ਡਰੋਨਾਂ ਰਾਹੀਂ ਇਸ ਮੁਹਿੰਮ ਨੂੰ ਅੰਜਾਮ ਦਿੱਤਾ। ਨਿਸ਼ਾਨੇ ’ਤੇ ਰੂਸੀ ਸਮੁੰਦਰੀ ਫੌਜ ਦਾ ਕਾਰਵੇਟ ਜੰਗੀ ਬੇੜਾ ‘ਮਰਕਰੀ’ ਸੀ। ਜ਼ੇਲੈਂਸਕੀ ਮੁਤਾਬਕ, ਇਹ ਰੂਸ ਦੇ ਸਭ ਤੋਂ ਨਵੇਂ ਜੰਗੀ ਬੇੜਿਆਂ ’ਚ ਸ਼ਾਮਲ ਸੀ ਅਤੇ 2023 ਵਿਚ ਸਮੁੰਦਰੀ ਫੌਜ ਵਿਚ ਸ਼ਾਮਲ ਕੀਤਾ ਗਿਆ ਸੀ। ਯੂਕ੍ਰੇਨ ਦਾ ਦਾਅਵਾ ਹੈ ਕਿ ਰੂਸੀ ਸੁਰੱਖਿਆ ਫੋਰਸਾਂ ਨੇ ਡਰੋਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਜੰਗੀ ਬੇੜਾ ਡੁੱਬ ਗਿਆ। ਇਸ ’ਤੇ ਤਾਇਨਾਤ ਕੇ.ਏ.-27 ਫ਼ੌਜੀ ਹੈਲੀਕਾਪਟਰ ਵੀ ਤਬਾਹ ਹੋ ਗਿਆ। ਯੂਕ੍ਰੇਨ ਦੀ ਸੁਰੱਖਿਆ ਸੇਵਾ (ਐੱਸ. ਬੀ. ਯੂ.) ਨੇ ਦਾਅਵਾ ਕੀਤਾ ਕਿ ਮੁਹਿੰਮ ਵਿਚ ਰੂਸੀ ਕਾਰਗੋ ਸ਼ਿੱਪ ਐੱਮ.ਵੀ. ਅੰਗਾਰਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਜਹਾਜ਼ ਕਥਿਤ ਤੌਰ ’ਤੇ ਰੂਸੀ ਫ਼ੌਜੀ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦੀ ਢੋਆ-ਢੁਆਈ ਵਿਚ ਵਰਤਿਆ ਜਾਂਦਾ ਸੀ। ਐੱਸ.ਬੀ.ਯੂ. ਅਨੁਸਾਰ, ‘ਮਰਕਰੀ’ ਇਸ ਜਹਾਜ਼ ਸਮੇਤ ਰੂਸੀ ਸਮੁੰਦਰੀ ਫੌਜ ਦੇ ਕਾਫ਼ਲਿਆਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਸੀ। ਹਮਲੇ ਲਈ ਸਮੁੰਦਰੀ ਡਰੋਨਾਂ ਨੂੰ ਇਕ ਨਿਰਧਾਰਤ ਸਥਾਨ ਤੱਕ ਲਿਜਾਇਆ ਗਿਆ ਅਤੇ ਫਿਰ ਇਕ ਮਦਰਸ਼ਿੱਪ ਤੋਂ ਟੀਚੇ ਵੱਲ ਰਵਾਨਾ ਕੀਤਾ ਗਿਆ। ਲੀਬੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿਚ ਘੱਟੋ-ਘੱਟ 4 ਡਰੋਨਾਂ ਨੂੰ ਵਿਚਾਲੇ ਹੀ ਰੋਕ ਲਿਆ ਗਿਆ, ਜਦਕਿ 2 ਡਰੋਨ ਰੂਸੀ ਜੰਗੀ ਬੇੜੇ ਨਾਲ ਟਕਰਾਏ। ਬੇਨਗਾਜ਼ੀ ਸਮੁੰਦਰੀ ਫੌਜੀ ਅੱਡੇ ’ਤੇ ਧਮਾਕਿਆਂ ਤੋਂ ਬਾਅਦ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ, ਇਸ ਘਟਨਾ ਵਿਚ ਲੀਬੀਆ ਅਤੇ ਰੂਸ ਦੇ ਨਾਗਰਿਕਾਂ ਸਮੇਤ ਘੱਟੋ-ਘੱਟ 10 ਲੋਕ ਜ਼ਖ਼ਮੀ ਹੋਏ। ਬ੍ਰਿਟਿਸ਼ ਸਮੁੰਦਰੀ ਸੁਰੱਖਿਆ ਕੰਪਨੀ ਐਂਬਰੇ ਨੇ ਖਦਸ਼ਾ ਪ੍ਰਗਟਾਇਆ ਕਿ ਜੰਗੀ ਬੇੜੇ ਵਿਚ ਰੱਖੇ ਗੋਲਾ-ਬਾਰੂਦ ਵਿਚ ਧਮਾਕੇ ਕਾਰਨ ਵੀ ਧਮਾਕੇ ਹੋਏ ਹੋਣਗੇ। ਰਿਪੋਰਟ ਮੁਤਾਬਕ, ਯੂਕ੍ਰੇਨੀ ਡਰੋਨ ਮਾਹਿਰ ਪੱਛਮੀ ਲੀਬੀਆ ਦੇ ਮਿਸਰਾਤਾ, ਤ੍ਰਿਪੋਲੀ ਅਤੇ ਜ਼ਾਵੀਆ ਵਿਚ ਫ਼ੌਜੀ ਟਿਕਾਣਿਆਂ ਤੋਂ ਕੰਮ ਕਰ ਰਹੇ ਹਨ। ਹਾਲਾਂਕਿ, ਲੀਬੀਆ ਦੇ ਪੂਰਬੀ ਪ੍ਰਸ਼ਾਸਨ ਨੇ ਹਮਲੇ ਦੀ ਕੌਮਾਂਤਰੀ ਜਾਂਚ ਦੀ ਮੰਗ ਕੀਤੀ ਹੈ। ਰੂਸ ਵੱਲੋਂ ਯੂਕ੍ਰੇਨ ਦੇ ਦਾਅਵਿਆਂ ’ਤੇ ਤੁਰੰਤ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ।

