ਅੰਮ੍ਰਿਤਸਰ ਹਾਇਡ ਮਾਰਕੀਟ ਵਿੱਚ ਰਾਤ ਨੂੰ ਚੋਰੀ, ਇੱਕ ਘੰਟਾ ਦੁਕਾਨ ਅੰਦਰ ਰਹਿ ਕੇ ਚੋਰ ਨਗਦੀ-ਮੋਬਾਈਲ ਲੈ ਹੋਇਆ ਫਰਾਰ

ਅੰਮ੍ਰਿਤਸਰ: ਹਾਇਡ ਮਾਰਕੀਟ ਵਿੱਚ ਇਕ ਦੁਕਾਨ ‘ਤੇ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰ ਸ਼ਟਰ ਖੋਲ੍ਹ ਕੇ ਕਰੀਬ ਇੱਕ ਘੰਟਾ ਤੱਕ ਦੁਕਾਨ ਦੇ ਅੰਦਰ ਰਿਹਾ ਅਤੇ ਨਗਦੀ, ਮੋਬਾਈਲ ਫੋਨ, ਦੁਕਾਨ ਉੱਤੇ ਲੱਗੀ ਐਲਸੀਡੀ ਅਤੇ ਜਮੀਦਾਰ ਭਰਾਵਾਂ ਲਈ ਰੱਖੇ ਗਿਫਟ ਸਮਾਨ ਨੂੰ ਲੈ ਕੇ ਰਫੂਚੱਕਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਇਹ ਇਲਾਕਾ ਕਾਫੀ ਰਸ਼ ਵਾਲਾ ਹੈ ਅਤੇ ਕੁਝ ਹੀ ਦੂਰੀ ‘ਤੇ ਅੰਮ੍ਰਿਤਸਰ ਦਾ ਪ੍ਰਸਿੱਧ ਚੌਂਕ ਹੈ, ਜਿੱਥੇ 24 ਘੰਟੇ ਪੁਲਿਸ ਤੈਨਾਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸੋਚਣ ਵਾਲੀ ਗੱਲ ਹੈ ਕਿ ਇੱਕ ਚੋਰ ਲਗਾਤਾਰ ਇੱਕ ਘੰਟਾ ਦੁਕਾਨ ਦੇ ਅੰਦਰ ਰਿਹਾ ਪਰ ਕਿਸੇ ਵੀ ਪੀਸੀਆਰ ਜਾਂ ਪੁਲਿਸ ਕਰਮਚਾਰੀ ਨੂੰ ਇਸ ਦੀ ਭਨਕ ਤੱਕ ਨਹੀਂ ਪਈ। ਇਸ ਮਾਮਲੇ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ।
ਦੁਕਾਨਦਾਰ ਨੇ ਦੱਸਿਆ ਕਿ ਲਗਭਗ ਇੱਕ ਮਹੀਨਾ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਦੇ ਬਾਹਰੋਂ ਇੱਕ ਐਕਟੀਵਾ ਚੋਰੀ ਹੋਈ ਸੀ। ਉਸ ਸਬੰਧੀ ਦਿੱਤੀ ਗਈ ਸ਼ਿਕਾਇਤ ਦੀ ਕਾਪੀ ਵੀ ਉਨ੍ਹਾਂ ਨੂੰ ਇੱਕ ਮਹੀਨੇ ਬਾਅਦ ਮਿਲੀ, ਪਰ ਅਜੇ ਤੱਕ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਹੁਣ ਉਸੇ ਦੁਕਾਨ ‘ਤੇ ਦੁਬਾਰਾ ਚੋਰੀ ਹੋ ਜਾਣ ਨਾਲ ਇਲਾਕੇ ਦੇ ਵਪਾਰੀਆਂ ਵਿੱਚ ਡਰ ਦਾ ਮਾਹੌਲ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਇਲਾਕੇ ਵਿੱਚ ਕਈ ਨਸ਼ੇੜੀ ਤੱਤ ਘੁੰਮਦੇ ਰਹਿੰਦੇ ਹਨ, ਜਿਸ ਬਾਰੇ ਉਹ ਕਈ ਵਾਰ ਪੁਲਿਸ ਨੂੰ ਜਾਣਕਾਰੀ ਦੇ ਚੁੱਕੇ ਹਨ, ਪਰ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਦੁਕਾਨਦਾਰ ਨੇ ਕਿਹਾ ਕਿ ਉਹ ਖੇਤੀਬਾੜੀ ਦੀਆਂ ਦਵਾਈਆਂ ਦੀ ਦੁਕਾਨ ਚਲਾਉਂਦੇ ਹਨ ਅਤੇ ਜੇਕਰ ਦਵਾਈਆਂ ਨੂੰ ਨੁਕਸਾਨ ਪਹੁੰਚਦਾ ਤਾਂ ਲੱਖਾਂ ਰੁਪਏ ਦਾ ਘਾਟਾ ਹੋ ਸਕਦਾ ਸੀ।
ਵਪਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਰਾਤ ਦੀ ਗਸ਼ਤ ਵਧਾਈ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ ‘ਤੇ ਰੋਕ ਲੱਗ ਸਕੇ।

