These bills regarding universities were passed in the Punjab Vidhan Sabha
ਪੰਜਾਬ ਵਿਧਾਨ ਸਭਾ ‘ਚ ਯੂਨੀਵਰਸਿਟੀਆਂ ਨੂੰ ਲੈ ਕੇ ਪਾਸ ਹੋਏ ਇਹ ਬਿੱਲ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਪੰਜਾਬ ਵਿਧਾਨ ਸਭਾ ‘ਚ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ‘ਚ ਉੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ 3 ਨਿੱਜੀ ਯੂਨੀਵਰਸਿਟੀਆਂ ਕਲਾਉਡ ਯੂਨੀਵਰਸਿਟੀ ਹੁਸ਼ਿਆਰਪੁਰ, ਐਮ.ਐਸ. ਯੂਨੀਵਰਸਿਟੀ ਪਟਿਆਲਾ ਅਤੇ ਫਿਜ਼ਿਕਸ ਵਾਲਾ ਯੂਨੀਵਰਸਿਟੀ ਦੇ ਬਿੱਲ ਪੇਸ਼ ਕੀਤੇ ਹਨ। ਜੋ ਕਿ ਸੂਬੇ ਦੀਆਂ ਪਹਿਲੀਆਂ 3 ਡਿਜੀਟਲ ਏ.ਆਈ. ਯੂਨੀਵਰਸਿਟੀਆਂ ਹਨ। ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਅੱਜ ਫਿਰ ਸਿੱਖਿਆ ਦੇ ਖੇਤਰ ‘ਚ ਇੱਕ ਵੱਡੀ ਦੇਣ ਦਿੱਤੀ ਜਾ ਰਹੀ ਹੈ। ਪਹਿਲੀ ਵਾਰ ਸੂਬੇ ‘ਚ 3 ਡਿਜੀਟਲ ਯੂਨੀਵਰਸਿਟੀਆਂ ਦੇ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ‘ਚ ਪੰਜਾਬ ਨੇ ਸਿੱਖਿਆ ਦੇ ਖੇਤਰ ‘ਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਨੀਤੀ ਆਯੋਗ ਦੀ ਰਿਪੋਰਟ ‘ਚ ਵੀ ਇਸ ਦਾ ਜ਼ਿਕਰ ਹੈ। ਰਿਪੋਰਟ ਮੁਤਾਬਕ ਪੰਜਾਬ ਨੇ ਮੁੱਢਲੀ ਸਿੱਖਿਆ ‘ਚ ਕੇਰਲਾ ਵਰਗੇ ਸੂਬੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਹਰਿਆਣਾ ‘ਚ ਗੁਰੂਗ੍ਰਾਮ ਨੰਬਰ 1 ‘ਤੇ ਹੈ, ਪਰ ਪੰਜਾਬ ‘ਚ ਪਟਿਆਲਾ ਗੁਰੂਗ੍ਰਾਮ ਤੋਂ ਵੀ ਅੱਗੇ ਨਿਕਲ ਗਿਆ ਹੈ। ਇਸ ਦੇ ਨਾਲ ਹੀ ਹੁਣ ਉੱਚ ਸਿੱਖਿਆ ‘ਚ 2 ਲੱਖ ਬੱਚੇ ਵੱਧ ਗਏ ਹਨ। ਇਹ ਸਾਰੇ ਨੀਤੀ ਆਯੋਗ ਦੇ ਅੰਕੜੇ ਹਨ।ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ‘ਚ ਆਨਲਾਈਨ ਹਾਜ਼ਰੀ ਸਿਸਟਮ ਲਾਗੂ ਕਰਨ ਨਾਲ ਫਰਜ਼ੀਵਾੜਾ ਖਤਮ ਹੋ ਗਿਆ ਹੈ। ਵਿਦਿਆਰਥੀ ਦੀ ਹਾਜ਼ਰੀ ਦਾ ਮੈਸੇਜ ਮਾਤਾ-ਪਿਤਾ ਨੂੰ ਜਾਂਦਾ ਹੈ। ਪਹਿਲਾਂ ਫਰਜ਼ੀ ਵਿਦਿਆਰਥੀ ਦਿਖਾਏ ਜਾਂਦੇ ਸਨ। ਮੰਤਰੀ ਬੈਂਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੱਲ ਕਰਦਿਆਂ ਕਿਹਾ ਕਿ ਇਹ ਦੇਸ਼ ਦੀ ਨੰਬਰ ਇਕ ਰੈਂਕਿੰਗ ਸਰਕਾਰੀ ਯੂਨੀਵਰਸਿਟੀ ਬਣ ਗਈ ਹੈ । ਮਹਾਰਾਸ਼ਟਰਾ, ਕਰਨਾਟਕਾ ਨੂੰ ਛੱਡ ਕੇ ਪੰਜਾਬ ਸੂਬਾ ਹੁਣ ਵਿਦੇਸ਼ੀ ਵਿਦਿਆਰਥੀ ਦੀ ਨੰਬਰ ਇਕ ਪਸੰਦ ਬਣ ਗਿਆ ਹੈ । ਉਨ੍ਹਾਂ ਕਿਹਾ ਪੰਜਾਬ ‘ਚ ਆਈਆਈਟੀ ਸੈਂਕਟਰ ਮੋਹਾਲੀ, ਰੋਪੜ ਤੇ ਅੰਮ੍ਰਿਤਸਰ ਹਨ ਤੇ ਜੇਕਰ ਪ੍ਰਾਈਵੇਟ ਯੂਨੀਵਰਸਿਟੀਆਂ ‘ਚ ਵੀ ਵਿਦਿਆਰਥੀ ਜਾ ਰਹੇ ਹਨ ਤਾਂ ਇਸ ਨਾਲ ਸਟੇਟ ਦੀ ਜੀਡੀਪੀ ਨੂੰ ਹੀ ਫਾਈਦਾ ਹੈ । ਉਨ੍ਹਾਂ ਕਿਹਾ ਸਾਡੇ ਕੋਲ 28 ਸੂਬਿਆਂ ਦੇ ਵਿਦਿਆਰਥੀ ਪੜ੍ਹਨ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਲਈ ਜ਼ਮੀਨ ਐਡਨਟੀਫਾਈਡ ਹੋ ਚੁੱਕੀ ਹੈ ਅਤੇ ਬਿੱਲ ਵੀ ਪਾਸ ਹੋ ਗਿਆ ਹੈ, ਹੁਣ ਇਸ ‘ਤੇ ਕੰਮ ਸ਼ੁਰੂ ਕਰਨ ਦੀ ਤਿਆਰੀ ਹੈ। ਉਨ੍ਹਾਂ ਕਿਹਾ ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਬਣਿਆ ਹੈ, ਜਿਥੇ ਏ. ਆਈ. ਵਿਸ਼ਾ ਜਮਾਤ ਪਹਿਲੀ ਤੋਂ ਬਾਰਵੀਂ ਤੱਕ ਸਕੂਲਾਂ ‘ਚ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਲਜਾਂ ‘ਚ ਬਿਜ਼ਨਸ ਕਲਾਸ ਸ਼ੁਰੂ ਕੀਤੀ ਗਈ ਹੈ ਅਤੇ ਇਸ ਨੂੰ ਹਰ ਵਿਦਿਆਰਥੀ ਲਈ ਲਾਜ਼ਮੀ ਕੀਤਾ ਗਿਆ ਹੈ। ਇਸ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੇ ਬਿਜ਼ਨਸ ਆਈਡੀਆ ਮਿਲਣਗੇ। ਉਨ੍ਹਾਂ ਕਿਹਾ ਏ.ਆਈ ਪੂਰੀ ਦੁਨੀਆ ਬਦਲ ਰਿਹਾ ਹੈ, ਜੇ ਸਭ ਕੁਝ ਬਦਲ ਰਿਹਾ ਹੈ ਤਾਂ ਵਿਦਿਆ ਵੀ ਬਦਲੇਗੀ।

