This is how the death sentence will be carried out on the ex-soldier; US President Trump has issued the order
ਸਾਬਕਾ ਫੌਜੀ ਨੂੰ ਇੰਝ ਦਿੱਤੀ ਜਾਵੇਗੀ ਮੌਤ ਦੀ ਸਜ਼ਾ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਾਰੀ ਕੀਤਾ ਹੁਕਮ
ਟੈਕਸਾਸ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਅਮਰੀਕੀ ਫੌਜੀ ਨਿਦਾਲ ਹਸਨ ਨੂੰ ਗੋਲੀ ਮਾਰ ਕੇ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਹੈ। ਪੈਂਟਾਗਨ ਨੇ ਇਸ ਦੀ ਜਾਣਕਾਰੀ ਦਿੱਤੀ। ਜੇਕਰ ਹਸਨ ਦੀ ਸਜ਼ਾ ਲਾਗੂ ਹੁੰਦੀ ਹੈ ਤਾਂ ਉਹ 1961 ਤੋਂ ਬਾਅਦ ਅਮਰੀਕੀ ਫ਼ੌਜੀ ਨਿਆਂ ਪ੍ਰਣਾਲੀ ਦੇ ਤਹਿਤ ਮੌਤ ਦੀ ਸਜ਼ਾ ਪਾਉਣ ਵਾਲਾ ਪਹਿਲਾ ਵਿਅਕਤੀ ਹੋਵੇਗਾ। ਫ਼ੌਜੀ ਪ੍ਰਣਾਲੀ ’ਚ ਆਖ਼ਰੀ ਵਾਰ ਪ੍ਰਾਈਵੇਟ ਜਾਨ ਏ. ਬੈਨੇਟ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਦੱਸ ਦੇਈਏ ਕਿ ਹਸਨ ਨੇ 2009 ’ਚ ਟੈਕਸਾਸ ਦੇ ਫ਼ੌਜੀ ਅੱਡੇ ’ਤੇ ਧਾਰਮਿਕ ਨਾਅਰਾ ਲਾਉਂਦਿਆਂ ਗੋਲੀਬਾਰੀ ਕੀਤੀ ਸੀ, ਜਿਸ ’ਚ 13 ਲੋਕਾਂ ਦੀ ਮੌਤ ਹੋ ਗਈ ਸੀ। 5 ਨਵੰਬਰ 2009 ਨੂੰ ਫ਼ੌਜ ਦਾ ਮਨੋਵਿਗਿਆਨੀ ਮੇਜਰ ਨਿਦਾਲ ਹਸਨ ਨਿੱਜੀ ਪਿਸਤੌਲ ਲੈ ਕੇ ਫ਼ੋਰਡ ਹੁਡ ਫ਼ੌਜੀ ਅੱਡੇ ਪਹੁੰਚਿਆ ਅਤੇ ਫੌਜੀਆਂ ਤੇ ਹੋਰ ਲੋਕਾਂ ’ਤੇ ਅਚਾਨਕ ਗੋਲੀਬਾਰੀ ਕਰ ਦਿੱਤੀ। ਇਹ ਅਮਰੀਕੀ ਫ਼ੌਜੀ ਅੱਡੇ ’ਤੇ ਹੋਈ ਸਭ ਤੋਂ ਘਾਤਕ ਸਮੂਹਿਕ ਗੋਲੀਬਾਰੀ ਸੀ। ਉਸ ਸਮੇਂ ਅਮਰੀਕਾ ਅਫ਼ਗਾਨਿਸਤਾਨ ਅਤੇ ਇਰਾਕ ’ਚ ਯੁੱਧ ਲੜ ਰਿਹਾ ਸੀ। ਹਸਨ ਨੇ ਬਾਅਦ ’ਚ ਕਿਹਾ ਸੀ ਕਿ ਉਹ ਇਨ੍ਹਾਂ ਯੁੱਧਾਂ ਨੂੰ ਗ਼ੈਰ-ਕਾਨੂੰਨੀ ਅਤੇ ਅਨੈਤਿਕ ਮੰਨਦਾ ਸੀ। ਗੋਲੀਬਾਰੀ ’ਚ ਹਸਨ ਵੀ ਜ਼ਖ਼ਮੀ ਹੋਇਆ ਅਤੇ ਉਸ ਨੂੰ ਲਕਵਾ ਹੋ ਗਿਆ। ਫ਼ੌਜੀ ਅਦਾਲਤ ’ਚ ਉਸ ਨੇ ਕਤਲਾਂ ਦੀ ਗੱਲ ਸਵੀਕਾਰ ਕੀਤੀ। 2013 ’ਚ ਉਸ ਨੂੰ ਪਹਿਲਾਂ ਤੋਂ ਕਤਲ ਦੀ ਯੋਜਨਾ ਬਣਾਉਣ ਅਤੇ ਕਤਲ ਦੀ ਕੋਸ਼ਿਸ਼ ਦੇ ਕੁੱਲ 45 ਮਾਮਲਿਆਂ ’ਚ ਦੋਸ਼ੀ ਠਹਿਰਾਇਆ ਗਿਆ। ਹਸਨ ਨੇ ਹਮਲੇ ’ਤੇ ਕੋਈ ਪਛਤਾਵਾ ਨਹੀਂ ਪ੍ਰਗਟਾਇਆ। ਉਸ ਨੇ ਇੱਥੋਂ ਤੱਕ ਕਿਹਾ ਕਿ ਮੌਤ ਦੀ ਸਜ਼ਾ ਮਿਲਣ ’ਤੇ ਵੀ ਉਹ ਖ਼ੁਦ ਨੂੰ ਸ਼ਹੀਦ ਮੰਨੇਗਾ।

