Threat of serious diseases in Punjab, orders issued to intensify action in hotspot areas
ਪੰਜਾਬ ‘ਚ ਗੰਭੀਰ ਬੀਮਾਰੀਆਂ ਦਾ ਖਤਰਾ, ਹਾਟ-ਸਪਾਟ ਇਲਾਕਿਆਂ ’ਚ ਕਾਰਵਾਈ ਤੇਜ਼ ਕਰਨ ਦੇ ਹੁਕਮ ਜਾਰੀ
ਅੰਮ੍ਰਿਤਸਰ(ਆਵਾਜ਼ਿ ਕੌਮ ਬਿਊਰੋ)-ਡੇਂਗੂ ਅਤੇ ਚਿਕਨਗੁਨੀਆਂ ਵਰਗੀਆਂ ਮੌਸਮੀ ਬੀਮਾਰੀਆਂ ਦੇ ਖ਼ਤਰੇ ਨੂੰ ਦੇਖਦਿਆਂ ਅੰਮ੍ਰਿਤਸਰ ਵਿਚ ਜ਼ਿਲਾ ਪ੍ਰਸ਼ਾਸਨ ਨੇ ਤਿਆਰੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਨੈਸ਼ਨਲ ਡੇਂਗੂ ਕੰਟਰੋਲ ਪ੍ਰੋਗਰਾਮ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਜ਼ਿਲਾ ਟਾਸਕ ਫੋਰਸ ਦੀ ਮਹੱਤਵਪੂਰਨ ਮੀਟਿੰਗ ਬੁਲਾਈ ਗਈ, ਜਿਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਪੱਲਵੀ ਸ਼ਰਮਾ ਵੱਲੋਂ ਕੀਤੀ ਗਈ। ਇਸ ਮੌਕੇ ਡੇਂਗੂ ਬਾਰੇ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਬੈਨਰ ਵੀ ਜਾਰੀ ਕੀਤਾ ਗਿਆ। ਮੀਟਿੰਗ ਦੌਰਾਨ ਸਿਹਤ ਵਿਭਾਗ ਸਮੇਤ ਨਗਰ ਨਿਗਮ, ਲੋਕਲ ਬਾਡੀ ਵਿਭਾਗ, ਸਿੱਖਿਆ ਵਿਭਾਗ, ਪੰਜਾਬ ਰੋਡਵੇਜ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਮੈਡੀਕਲ ਕਾਲਜਾਂ, ਆਈ. ਐੱਮ. ਏ., ਮੱਛੀ ਪਾਲਣ, ਫੂਡ ਸਪਲਾਈ, ਪੇਂਡੂ ਵਿਕਾਸ ਅਤੇ ਪੰਚਾਇਤ, ਪਸ਼ੂ ਪਾਲਣ, ਮੰਡੀ ਬੋਰਡ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਾਰੇ ਵਿਭਾਗਾਂ ਨੂੰ ਆਪਣੇ-ਆਪਣੇ ਖੇਤਰ ਵਿਚ ਡੇਂਗੂ ਰੋਕਥਾਮ ਲਈ ਜ਼ਿੰਮੇਵਾਰੀਆਂ ਨਿਰਧਾਰਿਤ ਕੀਤੀਆਂ ਗਈਆਂ। ਵਧੀਕ ਡਿਪਟੀ ਕਮਿਸ਼ਨਰ ਪੱਲਵੀ ਸ਼ਰਮਾ ਨੇ ਸਾਰੇ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਆਉਣ ਵਾਲੇ ਡੇਂਗੂ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਜਾਗਰੂਕਤਾ ਮੁਹਿੰਮ ਤੁਰੰਤ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਖ਼ਾਸ ਤੌਰ ’ਤੇ ਹੋਟਸਪੋਟ ਇਲਾਕਿਆਂ ਵਿੱਚ ਸਰਵੇਲੈਂਸ ਅਤੇ ਸਫ਼ਾਈ ਮੁਹਿੰਮ ਨੂੰ ਤੇਜ਼ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਵਿਭਾਗ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਸਾਂਝੇ ਯਤਨ ਕਰੇ ਤਾਂ ਜੋ ਡੇਂਗੂ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਸਿਵਲ ਸਰਜਨ ਡਾ. ਰਸ਼ਮੀ ਵਿੱਜ ਨੇ ਮੀਟਿੰਗ ਦੌਰਾਨ ਡੇਂਗੂ ਅਤੇ ਚਿਕਨਗੁਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਹੈ ਮੱਛਰ ਦੀ ਪੈਦਾਵਾਰ ਨੂੰ ਰੋਕਣਾ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਅਤੇ ਆਸ-ਪਾਸ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦੇਣ। ਛੱਤਾਂ, ਕੁੱਲਰਾਂ, ਗਮਲਿਆਂ, ਟਾਇਰਾਂ ਅਤੇ ਹੋਰ ਵਸਤਾਂ ਵਿੱਚ ਖੜ੍ਹਾ ਪਾਣੀ ਮੱਛਰਾਂ ਦੀ ਪੈਦਾਵਾਰ ਦਾ ਮੁੱਖ ਸਰੋਤ ਬਣਦਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਗਾਈਡਲਾਈਨਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਜਾਗਰੂਕਤਾ ਰਾਹੀਂ ਲੋਕਾਂ ਨੂੰ ਸਹਿਯੋਗ ਲਈ ਤਿਆਰ ਕੀਤਾ ਜਾਵੇ। ਜ਼ਿਲਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ ਨੇ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਡੇਂਗੂ ਰੋਕਥਾਮ ਲਈ ਸਿਰਫ਼ ਸਿਹਤ ਵਿਭਾਗ ਨਹੀਂ, ਸਗੋਂ ਹਰ ਵਿਭਾਗ ਦੀ ਸਾਂਝੀ ਭਾਗੀਦਾਰੀ ਲਾਜ਼ਮੀ ਹੈ। ਨਗਰ ਨਿਗਮ ਵੱਲੋਂ ਸਫ਼ਾਈ ਅਤੇ ਫੋਗਿੰਗ, ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਜਾਗਰੂਕਤਾ, ਵਾਟਰ ਸਪਲਾਈ ਵਿਭਾਗ ਵੱਲੋਂ ਪਾਣੀ ਦੀ ਸਹੀ ਨਿਕਾਸੀ ਅਤੇ ਹੋਰ ਵਿਭਾਗਾਂ ਵੱਲੋਂ ਆਪਣੇ ਖੇਤਰ ਵਿੱਚ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਗਿਆ। ਜ਼ਿਲਾ ਸਿਹਤ ਅਫ਼ਸਰ ਡਾਕਟਰ ਮਨਜੀਤ ਸਿੰਘ ਰਟੌਲ ਨੇ ਜ਼ੋਰ ਦਿੱਤਾ ਕਿ ਡੇਂਗੂ ਰੋਕਥਾਮ ਲਈ ਜਾਗਰੂਕਤਾ ਸਭ ਤੋਂ ਵੱਡਾ ਹਥਿਆਰ ਹੈ। ਲੋਕਾਂ ਨੂੰ ਇਸ ਬਾਰੇ ਸੁਚੇਤ ਕਰਨਾ ਅਤੇ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਵੱਲੋਂ ਜਲਦੀ ਹੀ ਘਰ-ਘਰ ਜਾ ਕੇ ਸਰਵੇ, ਲਾਰਵਾ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਇਸ ਤੋਂ ਇਲਾਵਾ ਲੋਕਾਂ ਨੂੰ ਸਾਫ਼-ਸੁਥਰਾ ਖਾਣਾ ਮੁਹੱਈਆ ਕਰਵਾਉਣ ਦੇ ਲਈ ਸਿਹਤ ਵਿਭਾਗ ਪੂਰੀ ਮੁਸਤੈਦੀ ਦੇ ਨਾਲ ਕੰਮ ਕਰ ਰਿਹਾ ਹੈ।

