Two women from Haryana arrested in an ATM fraud case; Kulgam Police recover Rs 9.5 lakh
ATM ਧੋਖਾਧੜੀ ਦੇ ਮਾਮਲੇ ‘ਚ ਹਰਿਆਣਾ ਤੋਂ 2 ਔਰਤਾਂ ਗ੍ਰਿਫ਼ਤਾਰ, ਕੁਲਗਾਮ ਪੁਲਸ ਨੇ ਬਰਾਮਦ ਕੀਤੇ 9.5 ਲੱਖ ਰੁਪਏ
ਸ਼੍ਰੀਨਗਰ (ਆਵਾਜ਼ਿ ਕੌਮ ਬਿਊਰੋ)-ਜੰਮੂ-ਕਸ਼ਮੀਰ ਪੁਲਸ ਨੇ ਏਟੀਐੱਮ ਕਾਰਡ ਬਦਲ ਕੇ ਧੋਖਾਧੜੀ ਕਰਨ ਦੇ ਮਾਮਲੇ ‘ਚ ਇਕ ਔਰਤ ਦੇ ਬੈਂਕ ਖਾਤੇ ‘ਚੋਂ ਕਢਵਾਏ ਗਏ 9.5 ਲੱਖ ਰੁਪਏ ਬਰਾਮਦ ਕਰ ਲਏ ਹਨ। ਪੁਲਸ ਨੇ ਅਪਰਾਧ ਤੋਂ ਪ੍ਰਾਪਤ ਰਕਮ ਹਾਸਲ ਕਰਨ ਦੇ ਸ਼ੱਕ ‘ਚ ਹਰਿਆਣਾ ਦੀਆਂ 2 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਮਾਮਲੇ ਦੇ 2 ਮੁੱਖ ਦੋਸ਼ੀ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਕੁਲਗਾਮ ਜ਼ਿਲ੍ਹੇ ਦੇ ਕਾਜ਼ੀਗੁੰਡ ਪੁਲਸ ਸਟੇਸ਼ਨ ‘ਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 303(2) ਅਤੇ 318(4) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਧੋਖਾਧੜੀ 15 ਅਕਤੂਬਰ ਨੂੰ ਉਦੋਂ ਸਾਹਮਣੇ ਆਈ ਜਦੋਂ ਕੁਲਗਾਮ ਜ਼ਿਲ੍ਹੇ ਦੇ ਪਾਟੀ ਅਖਰਾਨ ਦੀ ਰਹਿਣ ਵਾਲੀ ਮੁਨੀਰਾ ਰੇਸ਼ੀ ਨੇ ਮੀਰ ਬਾਜ਼ਾਰ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ 5 ਅਕਤੂਬਰ ਨੂੰ ਮੀਰ ਬਾਜ਼ਾਰ ‘ਚ ਇਕ ਏਟੀਐੱਮ ‘ਚ ਕਿਸੇ ਅਣਪਛਾਤੇ ਵਿਅਕਤੀ ਨੇ ਧੋਖਾਧੜੀ ਨਾਲ ਉਨ੍ਹਾਂ ਦਾ ਏਟੀਐੱਮ ਕਾਰਡ ਬਦਲ ਲਿਆ ਸੀ। ਇਸ ਤੋਂ ਬਾਅਦ, ਉਸ ਦੇ ਬੈਂਕ ਖਾਤੇ ‘ਚੋਂ ਕੁੱਲ 9.5 ਲੱਖ ਰੁਪਏ ਦੇ ਅਣਅਧਿਕਾਰਤ ਲੈਣ-ਦੇਣ ਕੀਤੇ ਗਏ। ਜਾਂਚਕਰਤਾਵਾਂ ਨੇ ਦੋ ਮੁੱਖ ਸ਼ੱਕੀਆਂ ਦੀ ਪਛਾਣ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਵਾਰਡ ਨੰਬਰ 12, ਬਰਵਾਲਾ ਦੇ ਕੇਸਨ ਕਾਲੋਨੀ ਦੇ ਰਹਿਣ ਵਾਲੇ ਵਿਨੇਂਦਰ ਸਿੰਘ ਉਰਫ਼ ਸ਼ੀਨੂ ਅਤੇ ਉਸੇ ਜ਼ਿਲ੍ਹੇ ਦੇ ਹਾਂਸੀ ਦੇ ਰਹਿਣ ਵਾਲੇ ਮੁਕੇਸ਼ ਸਿੰਘ ਵਜੋਂ ਕੀਤੀ ਹੈ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਏ ਸੀਸੀਟੀਵੀ ਫੁਟੇਜ, ਤਕਨੀਕੀ ਵਿਸ਼ਲੇਸ਼ਣ ਅਤੇ ਹੋਰ ਸੁਰਾਗਾਂ ਨੇ ਸ਼ੱਕੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਰਿਹਾਇਸ਼ੀ ਪਤੇ ਲੱਭਣ ‘ਚ ਮਦਦ ਕੀਤੀ। ਬਾਅਦ ‘ਚ ਇਕ ਪੁਲਿਸ ਟੀਮ ਦੋਸ਼ੀਆਂ ਨੂੰ ਲੱਭਣ ਲਈ ਹਰਿਆਣਾ ਪਹੁੰਚੀ। ਹਾਲਾਂਕਿ, ਦੋਵੇਂ ਦੋਸ਼ੀ ਆਪਣੇ ਘਰਾਂ ਤੋਂ ਲਾਪਤਾ ਪਾਏ ਗਏ ਅਤੇ ਉਨ੍ਹਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਸੀ। ਬਾਅਦ ‘ਚ ਪੁਲਸ ਨੇ ਉਨ੍ਹਾਂ ਨੂੰ ਲੱਭਣ ਲਈ ਹੋਰ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ, ਪੁਲਸ ਨੇ ਸ਼ੱਕੀਆਂ ਨਾਲ ਪਰਿਵਾਰਕ ਸਬੰਧ ਰੱਖਣ ਵਾਲੀਆਂ 2 ਔਰਤਾਂ ਤੋਂ 9.5 ਲੱਖ ਰੁਪਏ ਦੀ ਪੂਰੀ ਰਕਮ ਬਰਾਮਦ ਕੀਤੀ। ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਦੀ ਪਛਾਣ ਹਿਸਾਰ ਜ਼ਿਲ੍ਹੇ ਦੇ ਦਾਤਾ ਗੁਰਾਨਾ ਦੀ ਰਹਿਣ ਵਾਲੀ ਸ਼ਾਂਤੀ ਦੇਵੀ ਅਤੇ ਦੋਸ਼ੀ ਵਿਨੇਂਦਰ ਸਿੰਘ ਦੀ ਮਾਸੀ ਵਜੋਂ ਹੋਈ ਹੈ। ਦੂਜੀ ਔਰਤ ਰਾਜਪਤੀ ਦੇਵੀ ਹੈ, ਜੋ ਹਿਸਾਰ ਜ਼ਿਲ੍ਹੇ ਦੇ ਸੋਰਕੀ ਦੀ ਰਹਿਣ ਵਾਲੀ ਹੈ, ਜੋ ਦੋਸ਼ੀ ਮੁਕੇਸ਼ ਸਿੰਘ ਦੀ ਮਾਸੀ ਹੈ। ਪੁਲਸ ਨੇ ਦੱਸਿਆ ਕਿ ਦੋਵਾਂ ਔਰਤਾਂ ਨੂੰ ਅਪਰਾਧ ਦੀ ਕਮਾਈ ਪ੍ਰਾਪਤ ਕਰਨ ‘ਚ ਕਥਿਤ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ, 2 ਫਰਾਰ ਸ਼ੱਕੀਆਂ ਵਾਂਗ, ਇਨ੍ਹਾਂ ਔਰਤਾਂ ਦੀ ਸ਼ਮੂਲੀਅਤ ਵੀ ਜਾਂਚ ਅਤੇ ਨਿਆਂਇਕ ਕਾਰਵਾਈ ਦੇ ਨਤੀਜਿਆਂ ਦੇ ਅਧੀਨ ਹੈ। ਘਟਨਾਵਾਂ ਦੀ ਪੂਰੀ ਲੜੀ ਨੂੰ ਖੋਲ੍ਹਣ, ਸ਼ਾਮਲ ਲੋਕਾਂ ਦੀ ਭੂਮਿਕਾ ਨਿਰਧਾਰਤ ਕਰਨ ਅਤੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਕੁਲਗਾਮ ਪੁਲਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਵਿਨਿੰਦਰ ਸਿੰਘ ਉਰਫ਼ ਸ਼ੀਨੂੰ ਅਤੇ ਮੁਕੇਸ਼ ਸਿੰਘ ਦੇ ਠਿਕਾਣਿਆਂ ਬਾਰੇ ਕੋਈ ਵੀ ਭਰੋਸੇਯੋਗ ਜਾਣਕਾਰੀ ਪੁਲਸ ਨਾਲ ਸਾਂਝੀ ਕਰਨ।

