Unidentified assailants opened fire at a Congress leader’s house and demanded a ransom of 5 crore
ਅਣਪਛਾਤੇ ਹਮਲਾਵਰਾਂ ਨੇ ਕਾਂਗਰਸੀ ਆਗੂ ਦੇ ਘਰ ’ਤੇ ਚਲਾਈਆਂ ਗੋਲੀਆਂ, ਮੰਗੀ 5 ਕਰੋੜ ਦੀ ਫਿਰੌਤੀ
ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਜ਼ਿਲ੍ਹਾ ਤਰਨਤਾਰਨ ਵਿਚ ਗੈਂਗਸਟਰਾਂ ਦੇ ਨਾਂ ’ਤੇ ਫਿਰੌਤੀਆਂ ਮੰਗਣ ਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਗੋਲੀਆਂ ਚਲਾਉਣ ਦੀਆਂ ਵਧਦੀਆਂ ਘਟਨਾਵਾਂ ਕਾਰਨ ਆਮ ਲੋਕਾਂ ਤੇ ਕਾਰੋਬਾਰੀਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਲੜੀ ਤਹਿਤ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕੋ ਰਾਤ ਦੋ ਵੱਖ-ਵੱਖ ਘਰਾਂ ਦੇ ਬਾਹਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਜਿੱਥੇ ਇਲਾਕੇ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ, ਉੱਥੇ ਹੀ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਵੀਰਵਾਰ ਦੇਰ ਰਾਤ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਕਸਬੇ ਦੇ ਰਹਿਣ ਵਾਲੇ ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਗੁਰਮੇਜ ਸਿੰਘ ਖੱਖ ਦੇ ਘਰ ਨੂੰ ਮੁੱਖ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਦੀ ਮੰਗ ਸਬੰਧੀ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਪਰਿਵਾਰ ਨੂੰ ਲਗਾਤਾਰ ਮਿਲ ਰਹੀਆਂ ਇਨ੍ਹਾਂ ਧਮਕੀਆਂ ਦੇ ਬਾਵਜੂਦ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਪੂਰਾ ਪਰਿਵਾਰ ਦਹਿਸ਼ਤ ਦੇ ਸਾਏ ਹੇਠ ਜੀਅ ਰਿਹਾ ਹੈ। ਕਾਂਗਰਸੀ ਆਗੂ ਗੁਰਮੇਜ ਸਿੰਘ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ‘ਪ੍ਰਭ ਦਾਸੂਵਾਲ’ ਦੇ ਨਾਂ ’ਤੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਲਗਾਤਾਰ ਧਮਕਾਇਆ ਜਾ ਰਿਹਾ ਹੈ ਤੇ ਉਨ੍ਹਾਂ ਕੋਲੋਂ 5 ਕਰੋੜ ਰੁਪਏ ਦੀ ਵੱਡੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਵੀਰਵਾਰ ਰਾਤ ਨੂੰ ਜਦੋਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਤਾਂ ਉਹ ਘਰ ਦੀ ਪਹਿਲੀ ਮੰਜ਼ਿਲ ਉੱਪਰ ਲੱਗੇ ਸ਼ੀਸ਼ਿਆਂ ਨੂੰ ਜਾ ਲੱਗੀਆਂ। ਇਸ ਘਟਨਾ ਤੋਂ ਬਾਅਦ ਪਰਿਵਾਰ ਦੀ ਚਿੰਤਾ ਅਤੇ ਡਰ ਹੋਰ ਵੀ ਜ਼ਿਆਦਾ ਵਧ ਗਿਆ ਹੈ। ਇਸ ਸਬੰਧੀ ਜਦੋਂ ਡੀ.ਐੱਸ.ਪੀ. ਗੋਇੰਦਵਾਲ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਗੁਰਮੇਜ ਸਿੰਘ ਦੇ ਬਿਆਨਾਂ ਹੇਠ ਤੁਰੰਤ ਪਰਚਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

