Unique protest: Sindh MLA reaches Legislative Assembly on a donkey cart as petrol prices rise
ਅਨੋਖਾ ਪ੍ਰਦਰਸ਼ਨ ; ਮਹਿੰਗਾ ਹੋਇਆ ਪੈਟਰੋਲ ਤਾਂ ‘ਗਧਾ ਗੱਡੀ’ ਤੇ ਵਿਧਾਨ ਸਭਾ ਪਹੁੰਚੇ ਸਿੰਧ ਦੇ MLA
Lahore, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ‘ਚ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਜਨਤਾ ਬੇਹੱਦ ਪ੍ਰੇਸ਼ਾਨ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸਿੰਧ ਨਾਲ ਜੁੜੇ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ’ਤੇ ਅਨੋਖਾ ਵਿਰੋਧ ਪ੍ਰਦਰਸ਼ਨ ਕੀਤਾ। ਵਿਧਾਇਕ ਗਧਾ ਗੱਡੀ ’ਤੇ ਸਵਾਰ ਹੋ ਕੇ ਸਿੰਧ ਵਿਧਾਨ ਸਭਾ ਪਹੁੰਚੇ। ਉਨ੍ਹਾਂ ਦਾ ਕਹਿਣਾ ਸੀ ਕਿ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਹੈ ਕਿ ਆਮ ਲੋਕਾਂ ਦੇ ਨਾਲ-ਨਾਲ ਲੋਕ ਪ੍ਰਤੀਨਿਧੀਆਂ ਲਈ ਵੀ ਰੋਜ਼ਾਨਾ ਦਾ ਸਫ਼ਰ ਮੁਸ਼ਕਲ ਹੋ ਰਿਹਾ ਹੈ। ਪੀ.ਟੀ.ਆਈ. ਆਗੂ ਸੱਜਾਦ ਅਲੀ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਉਹ ਹੱਥ ’ਚ ਪੈਟਰੋਲ ਦੀਆਂ ਕੀਮਤਾਂ ਵਿਚ ਵਾਧੇ ਦੇ ਖਿਲਾਫ਼ ਤਖ਼ਤੀ ਲੈ ਕੇ ਗਧਾ ਗੱਡੀ ’ਤੇ ਸਵਾਰ ਸਨ। ਉਨ੍ਹਾਂ ਦੇ ਨਾਲ ਪਾਰਟੀ ਦੇ ਦੂਜੇ ਵਿਧਾਇਕ ਵੀ ਪਹੁੰਚੇ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਵਿਧਾਇਕਾਂ ਨੇ ਪੈਟਰੋਲ ਦੀ ਵਧੀ ਹੋਈ ਕੀਮਤ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਵਿਧਾਇਕ ਵਿਧਾਨ ਸਭਾ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਗਧਾ ਗੱਡੀਆਂ ’ਤੇ ਸਵਾਰ ਹੋ ਕੇ ਐਂਟਰੀ ਗੇਟ ਤੱਕ ਪਹੁੰਚੇ। ਪ੍ਰਦਰਸ਼ਨ ਦੌਰਾਨ ਸੱਜਾਦ ਅਲੀ ਨੇ ਕਿਹਾ ਕਿ ਸਰਕਾਰ ਦੇ ਮੰਤਰੀਆਂ ਅਤੇ ਸੱਤਾ ਧਿਰ ਦੇ ਵਿਧਾਇਕਾਂ ਨੂੰ ਵੀ ਇਸੇ ਤਰ੍ਹਾਂ ਵਿਧਾਨ ਸਭਾ ਆਉਣਾ ਚਾਹੀਦਾ ਹੈ। ਉਨ੍ਹਾਂ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਜਨਤਾ ’ਤੇ ਸੁੱਟਿਆ ਜਾ ਰਿਹਾ ‘ਪੈਟਰੋਲ ਬੰਬ’ ਦੱਸਿਆ। ਉਨ੍ਹਾਂ ਕਿਹਾ ਕਿ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਹੈ ਕਿ ਵਿਧਾਇਕ ਆਪਣੀਆਂ ਗੱਡੀਆਂ ਤੋਂ ਵਿਧਾਨ ਸਭਾ ਤੱਕ ਨਹੀਂ ਆ ਸਕਦੇ। ਇਸ ਪ੍ਰਦਰਸ਼ਨ ਦਾ ਮਕਸਦ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਸਾਹਮਣੇ ਲਿਆਉਣਾ ਹੈ। ਪਾਕਿਸਤਾਨ ਵਿਚ ਹਾਲ ਹੀ ’ਚ ਹੋਏ ਵਾਧੇ ਤੋਂ ਬਾਅਦ ਪੈਟਰੋਲ ਦੀ ਕੀਮਤ 390.79 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹਾਈ-ਸਪੀਡ ਡੀਜ਼ਲ 424.92 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਨ੍ਹਾਂ ਕੀਮਤਾਂ ਵਿਚ ਸਰਕਾਰ ਵੱਲੋਂ ਲਾਇਆ ਗਿਆ ਟੈਕਸ ਅਤੇ ਟੈਰਿਫ ਵੀ ਸ਼ਾਮਲ ਹੈ। ਪੈਟਰੋਲ ’ਤੇ ਲੱਗਭਗ 114 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ’ਤੇ 100 ਰੁਪਏ ਪ੍ਰਤੀ ਲੀਟਰ ਟੈਕਸ ਅਤੇ ਟੈਰਿਫ ਦੱਸਿਆ ਗਿਆ ਹੈ। ਮੱਧ ਪੂਰਬ ਵਿਚ ਦੁਬਾਰਾ ਸ਼ੁਰੂ ਹੋਈ ਹਿੰਸਾ ਨਾਲ ਤੇਲ ਦੇ ਮੁੱਖ ਸਪਲਾਈ ਰੂਟ ਪ੍ਰਭਾਵਿਤ ਹੋਏ ਹਨ। ਇਸ ਕਾਰਨ ਪਿਛਲੇ 2 ਮਹੀਨਿਆਂ ’ਚ ਈਂਧਨ ਦੀਆਂ ਕੀਮਤਾਂ ’ਤੇ ਦਬਾਅ ਵਧਿਆ ਹੈ।

