Uproar at Delhi airport over cancellation of SpiceJet flight, passengers have heated argument with employees
ਦਿੱਲੀ ਏਅਰਪੋਰਟ ’ਤੇ ਸਪਾਈਸਜੈੱਟ ਫਲਾਈਟ ਰੱਦ ਹੋਣ ’ਤੇ ਹੰਗਾਮਾ, ਕਰਮਚਾਰੀਆਂ ਨਾਲ ਯਾਤਰੀਆਂ ਦੀ ਤਿੱਖੀ ਬਹਿਸ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ. ਜੀ. ਆਈ.) ਏਅਰਪੋਰਟ ’ਤੇ ਸਪਾਈਸਜੈੱਟ ਦੀ ਫਲਾਈਟ ਰੱਦ ਹੋਣ ਨਾਲ ਨਾਰਾਜ਼ ਯਾਤਰੀਆਂ ਦੇ ਹੰਗਾਮੇ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਗੁੱਸੇ ’ਚ ਆਏ ਯਾਤਰੀਆਂ ਨਾਲ ਏਅਰਲਾਈਨ ਕਰਮਚਾਰੀਆਂ ਦੀ ਤਿੱਖੀ ਬਹਿਸ ਵੀ ਵੀਡੀਓ ’ਚ ਵੇਖੀ ਜਾ ਸਕਦੀ ਹੈ। ਭਾਰੀ ਹੰਗਾਮੇ ਦੌਰਾਨ ਕੁਝ ਯਾਤਰੀ ਸਪਾਈਸਜੈੱਟ ਚੋਰ ਹੈ ਵਰਗੇ ਨਾਅਰੇ ਲਾਉਂਦੇ ਹੋਏ ਵੀ ਵੀਡੀਓ ’ਚ ਵੇਖੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ 19 ਨਵੰਬਰ ਦਾ ਹੈ। ਦਿੱਲੀ ਤੋਂ ਮੁੰਬਈ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਨੰਬਰ ਐੱਸ. ਜੀ. 603 ਨੂੰ ਘੰਟਿਆਂ ਦੀ ਦੇਰੀ ਤੋਂ ਬਾਅਦ ਅਚਾਨਕ ਉਸ ਨੂੰ ਰੱਦ ਕਰ ਦਿੱਤਾ ਗਿਆ। ਇਸ ਨਾਲ ਗੁੱਸੇ ’ਚ ਆਏ ਯਾਤਰੀਆਂ ਨੇ ਏਅਰਲਾਈਨ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਯਾਤਰੀਆਂ ਅਤੇ ਏਅਰਲਾਈਨ ਕਰਮਚਾਰੀਆਂ ਵਿਚਾਲੇ ਤਿੱਖੀ ਬਹਿਸ ਵੀ ਹੋਈ। ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ’ਚ ਯਾਤਰੀ ਦੋਸ਼ ਲਾ ਰਹੇ ਹਨ ਕਿ ਏਅਰਲਾਈਨ ਵੱਲੋਂ ਉਡਾਣ ’ਚ ਦੇਰੀ ਅਤੇ ਉਸ ਨੂੰ ਰੱਦ ਕੀਤੇ ਜਾਣ ਨੂੰ ਲੈ ਕੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ।

