US court summons Ajit Doval and Samant Goyal in Pannu case
ਪੰਨੂ ਮਾਮਲੇ ‘ਚ ਅਮਰੀਕੀ ਅਦਾਲਤ ਦੁਆਰਾ ਅਜੀਤ ਡੋਵਾਲ ਤੇ ਸਮੰਤ ਗੋਇਲ ਨੂੰ ਸੰਮਨ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੀ ਇੱਕ ਅਦਾਲਤ ਨੇ ਗੁਰਪਤਵੰਤ ਸਿੰਘ ਪੰਨੂ ਨਾਲ ਸਬੰਧਤ ਮਾਮਲੇ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਰਿਸਰਚ ਐਂਡ ਅਨਾਲਿਸਿਸ ਵਿੰਗ ਦੇ ਸਾਬਕਾ ਨਿਰਦੇਸ਼ਕ ਸਮੰਤ ਗੋਇਲ ਨੂੰ ਸੰਮਨ ਭੇਜੇ ਹਨ। ਗੁਰਪਤਵੰਤ ਸਿੰਘ ਪੰਨੂ ਭਾਰਤੀ ਜਾਂਚ ਏਜੰਸੀਆਂ ਦੁਆਰਾ ਵੱਖ-ਵੱਖ ਅੱਤਵਾਦੀ ਦੋਸ਼ਾਂ ਹੇਠ ਲੋੜੀਂਦਾ ਹੈ। ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਦੇ ਕਲਰਕ ਅਨੁਸਾਰ ਇਹ ਸੰਮਨ FedEx ਰਾਹੀਂ ਨਵੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ, ਤਿਸ ਹਜ਼ਾਰੀ ਕੋਰਟ ਅਤੇ ਦਵਾਰਕਾ ਜ਼ਿਲ੍ਹਾ ਅਦਾਲਤ ਨੂੰ ਭੇਜੇ ਗਏ ਹਨ। ਜੱਜ ਕੈਥਰੀਨ ਪੋਲਕ ਫੈਲਾ ਨੇ ਹੇਗ ਕਨਵੈਨਸ਼ਨ ਅਤੇ ਭਾਰਤੀ ਸਿਵਲ ਪ੍ਰਕਿਰਿਆ ਸੰਹਿਤਾ ਦੇ ਤਹਿਤ ਭਾਰਤੀ ਅਦਾਲਤਾਂ ਰਾਹੀਂ ਇਹ ਤਾਮੀਲ ਕਰਵਾਉਣ ਦੇ ਹੁਕਮ ਦਿੱਤੇ ਹਨ। ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਪੰਨੂ ਨੇ ਆਪਣੀ ਜਾਨ ਲੇਵਾ ਹਮਲੇ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਹਰਜਾਨੇ ਦੀ ਮੰਗ ਕਰਦਿਆਂ ਇਹ ਦੀਵਾਨੀ ਮੁਕੱਦਮਾ ਦਰਜ ਕੀਤਾ ਹੈ, ਜਿਸ ਵਿੱਚ ਉਸ ਨੇ ਅਜੀਤ ਡੋਵਾਲ ‘ਤੇ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ, ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਇਸ ਮੁਕੱਦਮੇ ਨੂੰ ਮਨਘੜਤ ਅਤੇ ਬਦਨੀਤੀਪੂਰਨ ਦੱਸਦਿਆਂ ਖਾਰਜ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਵਿੱਚ ਅਦਾਲਤੀ ਦਸਤਾਵੇਜ਼ ਭੇਜਣ ਦੀ ਬੇਨਤੀ ਕੇਵਲ ਭਾਰਤ ਦੇ ਨਿਆਂ ਅਤੇ ਕਾਨੂੰਨ ਮੰਤਰਾਲੇ ਰਾਹੀਂ ਹੀ ਕੀਤੀ ਜਾ ਸਕਦੀ ਹੈ।

