Vegetable prices have doubled, the kitchen budget has been ruined
ਸਬਜ਼ੀਆਂ ਦੀ ਕੀਮਤਾਂ ਹੋਈਆਂ ਦੁੱਗਣੀਆਂ, ਵਿਗੜਿਆ ਰਸੋਈ ਦਾ ਬਜਟ
ਬਠਿੰਡਾ (ਆਵਾਜ਼ਿ ਕੌਮ ਬਿਊਰੋ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਪਿਛਲੇ ਦਿਨਾ ਦੇ ਮੁਕਾਬਲੇ ਲਗਭਗ ਸਾਰੀਆਂ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਚੁੱਕੇ ਹਨ, ਇਸ ਕਾਰਨ ਸੁਆਣੀਆਂ ਦਾ ਰਸੋਈ ਬਜਟ ਵੀ ਵਿਗੜ ਚੁੱਕਾ ਹੈ। ਜਾਣਕਾਰੀ ਅਨੁਸਾਰ ਬੀਤੇ ਕੁੱਝ ਸਮੇਂ ਤੋਂ ਚੱਲ ਰਹੇ ਖੁਸ਼ਕ ਮੌਸਮ ਕਾਰਨ ਸਬਜ਼ੀਆਂ ਦੀ ਆਮਦ ‘ਚ ਭਾਰੀ ਕਮੀ ਆਈ ਹੈ। ਸਬਜ਼ੀ ਮੰਡੀ ਦੇ ਵਪਾਰੀ ਸੂਰਜਦੀਪ ਨੇ ਦੱਸਿਆ ਕਿ ਹਰ ਇਸ ਮਹੀਨੇ ਆਲੂਆਂ ਦੀਆ ਜ਼ਮੀਨਾਂ ‘ਚ ਬੀਜੀ ਜਾਣ ਵਾਲੀ ਸਬਜ਼ੀ ਖ਼ਤਮ ਹੋ ਜਾਂਦੀ ਹੈ, ਕਿਸਾਨ ਆਪਣੀਆਂ ਸਬਜ਼ੀਆਂ ਨੂੰ ਵਾਹ ਕੇ ਜੀਰੀ ਲਗਾ ਦਿੰਦੇ ਹਨ, ਜਿਸ ਕਾਰਨ ਨਵੀ ਸਬਜ਼ੀ ਤਿਆਰ ਹੋਣ ‘ਚ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬਾਰਸ਼ ਘੱਟ ਹੋਣ ਕਾਰਨ ਜ਼ਿਆਦਾਤਰ ਸਬਜ਼ੀਆਂ ਗਰਮੀ ਕਾਰਨ ਸੜ ਗਈਆ ਅਤੇ ਆਮਦ ਘੱਟ ਹੋਈ। ਕਿਸਾਨ ਸੁਖਜਿੰਦਰ ਸਿੰਘ ਵਾਸੀ ਨੇਹੀਆਂਵਾਲਾ ਨੇ ਦੱਸਿਆ ਕਿ ਬਾਰਸ਼ ਨਾ ਹੋਣ ਕਾਰਨ ਕਿਸਾਨਾਂ ਦੀਆ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਕੱਦੂ, ਤੋਰੀ, ਕਰੇਲਾ ਆਦਿ ਦੀਆ ਬੱਲਾਂ ਵੀ ਵੱਡੀ ਗਿਣਤੀ ‘ਚ ਸੜ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਬਾਰਸ਼ ਪੈਣ ਨਾਲ ਸਬਜ਼ੀਆਂ ਦੀ ਪੈਦਾਵਾਰ ਵਧੇਗੀ ਅਤੇ ਕੀਮਤਾਂ ਵੀ ਘੱਟ ਜਾਣਗੀਆਂ। ਸੁਆਣੀਆਂ ਰਾਣੀ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਰਸੋਈ ਬਜਟ ਵੀ ਪਹਿਲਾ ਨਾਲੋਂ ਕਾਫੀ ਵੱਧ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਸਬਜ਼ੀ ਖਰੀਦਦੇ ਸਮੇਂ ਕਾਫੀ ਸੋਚਣਾ ਪੈ ਰਿਹਾ ਹੈ। ਰਿਟੇਲ ਮਾਰਕੀਟ ’ਚ ਪਹਿਲਾ 40 ਵਿਕਣ ਵਾਲਾ ਕੱਦੂ ਹੁਣ 80 ਰੁਪਏ ਤੋਰੀ 80, ਗੋਭੀ 100, ਭਿੰਡੀ 80, ਪੇਠਾ 30, ਬੈਂਗਣੀ 60, ਬੈਂਗਣ 50 ’ਤੇ ਪਹੁੰਚ ਚੁੱਕਾ ਹੈ।

