Very Sad News: Prominent Sikh Writer Bhai Jaiteg Singh Anant Passes Away in Canada
ਦੁਖਦਾਈ ਖ਼ਬਰ: ਕੈਨੇਡਾ ਵਿੱਚ ਵੱਸਦੇ ਪੰਥਕ ਲੇਖਕ ਤੇ ਗੁਰਮਤਿ ਵਿਚਾਰਕ ਭਾਈ ਜੈਤੇਗ ਸਿੰਘ ਅਨੰਤ ਜੀ ਹੁਣ ਨਹੀਂ ਰਹੇ

01 ਜਨਵਰੀ 2026 – ਸਿੱਖ ਕੌਮ ਲਈ ਅੱਜ ਬਹੁਤ ਵੱਡਾ ਦੁੱਖ ਹੈ। ਕੈਨੇਡਾ ਵਿੱਚ ਵੱਸਦੇ ਮਸ਼ਹੂਰ ਪੰਥਕ ਲੇਖਕ, ਵਿਚਾਰਕ ਅਤੇ ਬਹੁਤ ਸਾਰੀਆਂ ਕਿਤਾਬਾਂ ਲਿਖਣ ਤੇ ਸੰਪਾਦਨ ਕਰਨ ਵਾਲੇ ਭਾਈ ਜੈਤੇਗ ਸਿੰਘ ਅਨੰਤ ਜੀ ਹੁਣ ਇਸ ਰੰਗਲੇ ਸੰਸਾਰ ਤੋਂ ਰੁਖਸਤ ਹੋ ਗਏ ਹਨ। ਉਨ੍ਹਾਂ ਦੀ ਬੀਮਾਰੀ ਕਾਰਨ ਲੰਮੇ ਸਮੇਂ ਤੋਂ ਤਬੀਅਤ ਖ਼ਰਾਬ ਸੀ ਅਤੇ ਬੀਤੇ ਮਹੀਨੇ 4 ਨਵੰਬਰ ਨੂੰ ਉਨ੍ਹਾਂ ਦੀ ਧਰਮਪਤਨੀ ਬੀਬੀ ਜਸਪਾਲ ਕੌਰ ਜੀ ਵੀ ਕੈਂਸਰ ਕਾਰਨ ਅਕਾਲ ਚਲਾਣੇ ਹੋ ਗਏ ਸਨ। ਲਗਭਗ ਦੋ ਮਹੀਨੇ ਬਾਅਦ ਆਪ ਵੀ ਉਨ੍ਹਾਂ ਨਾਲ ਜੁੜ ਗਏ।
ਭਾਈ ਜੈਤੇਗ ਸਿੰਘ ਅਨੰਤ ਜੀ ਭਾਈ ਰਣਧੀਰ ਸਿੰਘ ਜੀ ਦੇ ਸਾਥੀ ਰਹੇ ਅਤੇ ਸ. ਕਪੂਰ ਸਿੰਘ ਜੀ ਨਾਲ ਮਿਲ ਕੇ ਗੁਰਮਤਿ ਪ੍ਰਚਾਰ ਅਤੇ ਲਿਖਤਾਂ ਵਿੱਚ ਯੋਗਦਾਨ ਪਾਇਆ। ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਅਤੇ ਸੰਪਾਦਨ ਕੀਤੀਆਂ ਜੋ ਸਿੱਖ ਇਤਿਹਾਸ, ਗੁਰਮਤਿ ਅਤੇ ਪੰਥਕ ਸੋਚ ਨੂੰ ਸਮਰਪਿਤ ਹਨ। ਆਪਣੀ ਉਮਰ ਦੇ ਆਖਰੀ ਪੜਾਅ ਵਿੱਚ ਵੀ ਬੀਮਾਰੀ ਦੇ ਬਾਵਜੂਦ ਚੜ੍ਹਦੀ ਕਲਾ ਵਿੱਚ ਰਹੇ ਅਤੇ ਆਪਣੀ ਲਿਖਤਾਂ, ਤਜਰਬੇ ਅਤੇ ਜੀਵਨ ਸਫ਼ਰ ਬਾਰੇ ਬਹੁਤ ਮਾਣ ਨਾਲ ਗੱਲਾਂ ਕਰਦੇ ਰਹੇ।
ਸੰਗਤਾਂ ਲਈ ਉਹ ਇੱਕ ਗੁਰੂ ਦੇ ਸਮਾਨ ਸਨ। ਉਨ੍ਹਾਂ ਦਾ ਹਿਰਦਾ ਸਾਫ਼ ਸੀ, ਗੱਲ ਮੂੰਹ ਤੇ ਕਹਿ ਦਿੰਦੇ ਸਨ ਅਤੇ ਸੋਚ ਪੱਕੀ ਅਤੇ ਪਰਪੱਕ ਸੀ। ਬਹੁਤ ਸਾਰੇ ਲੋਕ ਉਨ੍ਹਾਂ ਤੋਂ ਗੁਰਮਤਿ ਅਤੇ ਜੀਵਨ ਦੀਆਂ ਸਿੱਖਿਆਵਾਂ ਲੈਂਦੇ ਰਹੇ। ਆਖਰੀ ਗੱਲਬਾਤ 4 ਨਵੰਬਰ ਨੂੰ ਧਰਮਪਤਨੀ ਜੀ ਦੇ ਅਕਾਲ ਚਲਾਣੇ ਬਾਰੇ ਹੋਈ ਸੀ।
ਸ.ਦਲਵਿੰਦਰ ਸਿੰਘ ਘੁੰਮਣ
