Vigilance raids RTA office, agent arrested with bribe money
RTA ਦਫ਼ਤਰ ‘ਚ ਵਿਜੀਲੈਂਸ ਦਾ ਛਾਪਾ, ਰਿਸ਼ਵਤ ਦੀ ਰਕਮ ਸਮੇਤ ਏਜੰਟ ਕਾਬੂ
ਬਠਿੰਡਾ (ਆਵਾਜ਼ਿ ਕੌਮ ਬਿਊਰੋ)-ਬਠਿੰਡਾ ਦੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦਫਤਰ ’ਚ ਮੰਗਲਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਵਿਜੀਲੈਂਸ ਬਿਊਰੋ ਦੀ ਮੋਹਾਲੀ ਸਥਿਤ ਫਲਾਇੰਗ ਸਕੁਐਡ ਟੀਮ ਨੇ ਅਚਾਨਕ ਛਾਪੇਮਾਰੀ ਕਰ ਕੇ ਦਫਤਰ ਨਾਲ ਸਬੰਧਤ ਇਕ ਏਜੰਟ ਨੂੰ ਕਥਿਤ ਤੌਰ ’ਤੇ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ। ਅਚਾਨਕ ਹੋਈ ਇਸ ਕਾਰਵਾਈ ਨਾਲ ਦਫਤਰ ’ਚ ਮੌਜੂਦ ਕਰਮਚਾਰੀਆਂ, ਏਜੰਟਾਂ ਅਤੇ ਆਮ ਲੋਕਾਂ ’ਚ ਹੜਕੰਪ ਮਚ ਗਿਆ। ਸੂਤਰਾਂ ਮੁਤਾਬਕ ਵਿਜੀਲੈਂਸ ਟੀਮ ਨੇ ਪਹਿਲਾਂ ਪੂਰੇ ਮਾਮਲੇ ਦੀ ਗੁਪਤ ਤਰੀਕੇ ਨਾਲ ਜਾਂਚ ਕੀਤੀ ਅਤੇ ਫਿਰ ਯੋਜਨਾਬੱਧ ਢੰਗ ਨਾਲ ਕਾਰਵਾਈ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤਾ ਗਿਆ ਵਿਅਕਤੀ ਬਾਜ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਹ ਦਫਤਰ ’ਚ ਲੋਕਾਂ ਦੇ ਕੰਮ ਕਰਵਾਉਣ ਲਈ ਏਜੰਟ ਵਜੋਂ ਸਰਗਰਮ ਸੀ। ਵਿਜੀਲੈਂਸ ਨੇ ਉਸ ਨੂੰ ਕਥਿਤ ਰਿਸ਼ਵਤ ਦੀ ਰਕਮ ਸਮੇਤ ਹਿਰਾਸਤ ’ਚ ਲੈ ਲਿਆ। ਮੌਕੇ ’ਤੇ ਮੌਜੂਦ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਕੋਮਲਪ੍ਰੀਤ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਪੂਰੇ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਵਿਜੀਲੈਂਸ ਬਿਊਰੋ ਵੱਲੋਂ ਅਧਿਕਾਰਕ ਕਰ ਕੇ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਇਸ ਤੋਂ ਵੱਧ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕਾਰਵਾਈ ਤੋਂ ਬਾਅਦ ਵਿਜੀਲੈਂਸ ਟੀਮ ਕਾਬੂ ਕੀਤੇ ਗਏ ਏਜੰਟ ਨੂੰ ਆਪਣੇ ਨਾਲ ਲੈ ਕੇ ਬਠਿੰਡਾ ਤੋਂ ਰਵਾਨਾ ਹੋ ਗਈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਾਮਲੇ ’ਚ ਕਿਸੇ ਸਰਕਾਰੀ ਕਰਮਚਾਰੀ ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ ਹੈ ਜਾਂ ਨਹੀਂ।

