Wedding vows exchanged on Sunday; accident on Wednesday shatters the world of a newlywed couple
ਐਤਵਾਰ ਨੂੰ ਹੋਏ ਲਾਵਾਂ-ਫੇਰੇ, ਬੁੱਧਵਾਰ ਵਾਪਰੇ ਹਾਦਸੇ ਨੇ ਉਜਾੜਿਆ ਨਵ-ਵਿਆਹੇ ਜੋੜੇ ਦਾ ਸੰਸਾਰ
ਮੋਰਿੰਡਾ (ਆਵਾਜ਼ਿ ਕੌਮ ਬਿਊਰੋ)-ਜਿਸ ਘਰ ’ਚ ਅਜੇ ਚਾਰ ਦਿਨ ਪਹਿਲਾਂ ਹੀ ਸ਼ਗਨਾਂ ਦੇ ਗੀਤ ਗੂੰਜ ਰਹੇ ਸਨ ਅਤੇ ਨਵੀਂ ਵਿਆਹੀ ਜੋੜੀ ਦੇ ਆਉਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਉੱਥੇ ਅੱਜ ਵੈਣ ਪੈ ਰਹੇ ਹਨ। ਮੋਰਿੰਡਾ-ਰੂਪਨਗਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਸਹੇੜੀ ਨੇੜੇ ਬੀਤੇ ਕੱਲ੍ਹ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਇਕ ਨਵ-ਵਿਆਹੁਤਾ ਜੋੜੇ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ ਹਨ। ਇਸ ਭਿਆਨਕ ਹਾਦਸੇ ’ਚ ਜ਼ਖ਼ਮੀ ਹੋਏ ਨੌਜਵਾਨ ਪਤੀ ਲਵਪ੍ਰੀਤ ਸਿੰਘ ਦੀ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ, ਜਦਕਿ ਉਸ ਦੀ ਪਤਨੀ ਨਿਰਮਲ ਕੌਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ ਅਤੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਣਕਪੁਰ ਖੇੜਾ ਦੇ ਵਸਨੀਕ ਲਵਪ੍ਰੀਤ ਸਿੰਘ ਦਾ ਵਿਆਹ ਅਜੇ ਲੰਘੇ ਐਤਵਾਰ ਨੂੰ ਹੀ ਨਿਰਮਲ ਕੌਰ ਨਾਲ ਬੜੇ ਚਾਵਾਂ ਨਾਲ ਹੋਇਆ ਸੀ। ਬੀਤੇ ਕੱਲ੍ਹ ਇਹ ਨਵ-ਵਿਆਹੁਤਾ ਜੋੜਾ ਵੈਗਨ ’ਚ ਸਵਾਰ ਹੋ ਕੇ ਮੋਰਿੰਡਾ ਤੋਂ ਰੋਪੜ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਸਹੇੜੀ ਨੇੜੇ ਪਹੁੰਚੇ ਤਾਂ ਸਾਹਮਣਿਓਂ ਰੋਪੜ ਵਾਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਟਾਟਾ ਸਫਾਰੀ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਤੇ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ ਤੇ ਕਾਰ ’ਚ ਸਵਾਰ ਨਵ-ਵਿਆਹੁਤਾ ਜੋੜਾ ਬੁਰੀ ਤਰ੍ਹਾਂ ਲਹੂ-ਲੁਹਾਣ ਹੋ ਗਿਆ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਮਦਦ ਕਰਦਿਆਂ ਦੋਵਾਂ ਜ਼ਖ਼ਮੀਆਂ ਨੂੰ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿਖੇ ਪਹੁੰਚਾਇਆ। ਉੱਥੇ ਡਾਕਟਰਾਂ ਨੇ ਉਨ੍ਹਾਂ ਦੀ ਬੇਹੱਦ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਉਪਰੰਤ ਤੁਰੰਤ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਪੀ.ਜੀ.ਆਈ. ਵਿਖੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਲਵਪ੍ਰੀਤ ਸਿੰਘ ਨੇ ਦਮ ਤੋੜ ਦਿੱਤਾ, ਜਿਸ ਨਾਲ ਹੱਥਾਂ ਦੀ ਮਹਿੰਦੀ ਦਾ ਰੰਗ ਫਿੱਕਾ ਪੈਣ ਤੋਂ ਪਹਿਲਾਂ ਹੀ ਨਿਰਮਲ ਕੌਰ ਦਾ ਸੁਹਾਗ ਉੱਜੜ ਗਿਆ। ਨਿਰਮਲ ਕੌਰ ਦੀਆਂ ਦੋਵੇਂ ਲੱਤਾਂ ’ਚ ਗੰਭੀਰ ਫਰੈਕਚਰ ਆਏ ਹਨ ਤੇ ਉਹ ਪੀ.ਜੀ.ਆਈ. ਵਿਖੇ ਜ਼ੇਰੇ-ਇਲਾਜ ਹੈ। ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਐੱਸ.ਐੱਚ.ਓ. ਮੋਰਿੰਡਾ ਸ਼ਹਿਰੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਇਸ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਪਿੰਡ ਮਾਣਕਪੁਰ ਖੇੜਾ ਤੇ ਇਲਾਕੇ ਭਰ ’ਚ ਸੋਗ ਦੀ ਲਹਿਰ ਦੌੜ ਗਈ ਹੈ।

