“Political Parties Should Give 33% Seats to Women from Their Own Quota: Bibi Jagir Kaur”
“ਰਾਜਨੀਤਿਕ ਪਾਰਟੀਆਂ ਆਪੋ ਆਪਣੇ ਕੋਟੇ ‘ਚੋਂ 33 ਫੀਸਦੀ ਸੀਟਾਂ ਔਰਤਾਂ ਨੂੰ ਦੇਣ- ਬੀਬੀ ਜਗੀਰ ਕੌਰ”

19 ਅਪ੍ਰੈਲ 2026 ਜਲੰਧਰ – ਲੋਕ ਸਭਾ ਵਿਚ ਔਰਤਾਂ ਨੂੰ 33 ਫੀਸਦੀ ਸੀਟਾਂ ਰਾਖਵੀਆਂ ਕਰਨ ਬਾਰੇ ਬਿੱਲ ਨਾ ਪਾਸ ਹੋਣ ਤੋਂ ਬਾਅਦ ਇਸਤਰੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਆਪੋ ਆਪਣੇ ਕੋਟੇ ਵਿਚੋਂ 33 ਫੀਸਦੀ ਸੀਟਾਂ ਔਰਤਾਂ ਨੂੰ ਦੇਣ ਤੇ ਔਰਤਾਂ ਨੂੰ 50 ਫੀਸਦੀ ਹਿੱਸਾ ਦਿੱਤਾ ਜਾਵੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ 1920 ਤੋਂ ਫੈਡਰਲ ਢਾਂਚੇ ਦਾ ਹਾਮੀ ਰਿਹਾ ਹੈ ਤੇ ਇਸ ਨੇ ਹੀ ਔਰਤਾਂ ਨੂੰ ਸਭ ਤੋਂ ਪਹਿਲਾਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ, ਜਦਕਿ ਉਸ ਵੇਲੇ ਇੰਗਲੈਂਡ ਵਿਚ ਵੀ ਔਰਤਾਂ ਨੂੰ ਇਹ ਅਧਿਕਾਰ ਨਹੀਂ ਸੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿਚ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ ਤੇ ਅਕਾਲੀ ਦਲ ਉਸ ਸਿਧਾਂਤ ਉੱਤੇ ਪਹਿਰਾ ਦਿੰਦਾ ਆ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਚਾਨਕ ਸਪੈਸ਼ਲ ਸ਼ੈਸ਼ਨ ਸੱਦਣ ਪਿੱਛੇ ਰਾਜਨੀਤੀ ਝਲਕਦੀ ਹੈ। ਜਦੋਂ ਪੰਜ ਸੂਬਿਆਂ ਵਿਚ ਚੋਣ ਪ੍ਰਚਾਰ ਚੱਲ ਰਿਹਾ ਹੈ ਤਾਂ ਇਸ ਤਰ੍ਹਾਂ ਸ਼ੈਸ਼ਨ ਸੱਦਣਾ ਗਲਤ ਹੈ ਤੇ ਇਸ ਨੂੰ ਚੋਣਾਂ ਵਿਚ ਲਾਹਾ ਲੈਣ ਲਈ ਵਰਤਿਆ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਬਿੱਲ ਬਾਰੇ ਆਮ ਸਹਿਮਤੀ ਬਣਾਉਣ ਲਈ ਆਲ ਪਾਰਟੀ ਮੀਟਿੰਗ ਸੱਦਣ। ਉਨ੍ਹਾਂ ਕਿਹਾ ਕਿ ਸ਼ੈਸ਼ਨ ਸੱਦਣ ਤੋਂ ਪਹਿਲਾਂ ਇਹ ਮੀਟਿੰਗ ਸੱਦਣੀ ਚਾਹੀਦੀ ਸੀ ਤਾਂ ਜੋ ਇਹ ਨੌਬਤ ਨਾ ਆਉਂਦੀ।
ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਇਹ ਬਿੱਲ ਕਈ ਦਹਾਕਿਆਂ ਤੋਂ ਲਟਕਦਾ ਆ ਰਿਹਾ ਹੈ ਤੇ ਹੁਣ ਜਦੋਂ ਇਸ ਨੂੰ ਅਮਲ ਰੂਪ ਦੇਣ ਦਾ ਸਮਾਂ ਆਇਆ ਤਾਂ ਇਸ ਨੂੰ ਰਾਜਨੀਤੀ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਔਰਤਾਂ ਨੂੰ 33 ਫੀਸਦੀ ਤੋਂ ਵਧਾ ਕੇ 50 ਫੀਸਦੀ ਸੀਟਾਂ ਦੇਣ ਦੀ ਮੰਗ ਵੀ ਕੀਤੀ।
