Yemen targets Houthi positions! 558 fighters killed in 24 hours
ਯਮਨ ਨੇ ਹੂਤੀਆਂ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ! 24 ਘੰਟਿਆਂ ‘ਚ ਮਾਰ 558 ਲੜਾਕੇ ਕੀਤੇ ਢੇਰ
Yaman, (ਆਵਾਜ਼ਿ ਕੌਮ ਬਿਊਰੋ)-ਯਮਨ ਦੀ ਸਰਕਾਰੀ ਫੌਜ ਨੇ ਤਾਇਜ਼ ’ਚ ਨਵੇਂ ਟਿਕਾਣਿਆਂ ’ਤੇ ਕਬਜ਼ਾ ਕਰਨ ਅਤੇ ਪਿਛਲੇ 24 ਘੰਟਿਆਂ ਦੌਰਾਨ ਹੂਤੀ ਬਾਗੀਆਂ ਦੇ ਟਿਕਾਣਿਆਂ ’ਤੇ 1164 ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਫੌਜ ਦੇ ਬੁਲਾਰੇ ਅਨੁਸਾਰ ਇਨ੍ਹਾਂ ਹਮਲਿਆਂ ਵਿਚ ਅਨੁਮਾਨਿਤ 558 ਹੂਤੀ ਲੜਾਕੇ ਮਾਰੇ ਗਏ ਹਨ। ਯਮਨ ਦੇ ਹਥਿਆਰਬੰਦ ਬਲਾਂ ਦੇ ਬੁਲਾਰੇ ਮਾਜਿਦ ਅਲ-ਨੁਜੈਲੀ ਨੇ ਮੰਗਲਵਾਰ ਨੂੰ ਦੱਸਿਆ ਕਿ ‘ਆਪਰੇਸ਼ਨ ਡਾਨ ਆਫ਼ ਯਮਨ’ ਤਹਿਤ ਸਰਕਾਰੀ ਫੌਜੀਆਂ ਨੇ ਹਵਾਈ ਅਤੇ ਤੋਪਖਾਨੇ ਦੀ ਭਾਰੀ ਮਦਦ ਨਾਲ ਹੂਤੀ ਲੜਾਕਿਆਂ ਨੂੰ ਪਿੱਛੇ ਧੱਕਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਮੁਹਿੰਮ ਵਿਚ ਹੂਤੀ ਬਾਗੀਆਂ ਦੇ 135 ਫੌਜੀ ਵਾਹਨਾਂ ਅਤੇ ਯੰਤਰਾਂ ਨੂੰ ਤਬਾਹ ਜਾਂ ਨੁਕਸਾਨਿਆ ਗਿਆ। ਬੁਲਾਰੇ ਅਨੁਸਾਰ ਹਮਲਿਆਂ ਵਿਚ ਫੌਜੀਆਂ ਦੇ ਇਕੱਠ, ਵਾਧੂ ਫੌਜਾਂ, ਕਿਲੇਬੰਦ ਟਿਕਾਣਿਆਂ ਅਤੇ ਸਪਲਾਈ ਰੂਟਾਂ ਨੂੰ ਨਿਸ਼ਾਨਾ ਬਣਾਇਆ ਗਿਆ। ਮੁਹਿੰਮ ਵਿਚ ਲੜਾਕੂ ਜਹਾਜ਼ਾਂ, ਡਰੋਨਾਂ, ਫੀਲਡ ਆਰਟਿਲਰੀ, ਰਾਕੇਟ ਲਾਂਚਰਾਂ ਅਤੇ ਸਨਾਈਪਰ ਇਕਾਈਆਂ ਦੀ ਵਰਤੋਂ ਕੀਤੀ ਗਈ। ਸਰਕਾਰੀ ਬਲਾਂ ਨੇ ਦੱਖਣੀ ਮੋਰਚਿਆਂ ਅਤੇ ਸ਼ਬਵਾ ਸੂਬੇ ਵਿਚ ਵੀ ਮੁਹਿੰਮ ਨੂੰ ਜਾਰੀ ਰੱਖਿਆ ਹੈ। ਅਲ-ਨੁਜੈਲੀ ਨੇ ਕਿਹਾ ਕਿ ਰਣਨੀਤਕ ਤੌਰ ’ਤੇ ਮਹੱਤਵਪੂਰਨ ਬਾਬ ਅਲ-ਮੰਦੇਬ ਜਲਡਮਰੂਮੱਧ ਨੇੜੇ ਪੱਛਮੀ ਤੱਟ ’ਤੇ ਫੌਜੀਆਂ ਨੇ ਹੂਤੀ ਬਾਗੀਆਂ ਦੀ ਚੜ੍ਹਤ ਨੂੰ ਰੋਕਿਆ ਅਤੇ ਉਨ੍ਹਾਂ ਦੇ ਇਕੱਠ ਵਾਲੀਆਂ ਥਾਵਾਂ ’ਤੇ ਗੋਲੀਬਾਰੀ ਵਾਲੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।

