Zirakpur: Family swindled out of ₹1.81 crore on the pretext of 25–30% profit; maternal aunt arrested
ਜ਼ੀਰਕਪੁਰ : 25 ਤੋਂ 30 ਫ਼ੀਸਦੀ ਮੁਨਾਫੇ ਦਾ ਝਾਂਸਾ ਦੇ ਪਰਿਵਾਰ ਨਾਲ ਮਾਰੀ 1.81 ਕਰੋੜ ਦੀ ਠੱਗੀ, ਮਾਸੀ ਗ੍ਰਿਫ਼ਤਾਰ
ਜ਼ੀਰਕਪੁਰ (ਆਵਾਜ਼ਿ ਕੌਮ ਬਿਊਰੋ)-ਸ਼ੇਅਰ ਮਾਰਕੀਟ ’ਚ 25 ਤੋਂ 30 ਫੀਸਦੀ ਤੱਕ ਮੁਨਾਫਾ ਦੇਣ ਦਾ ਝਾਂਸਾ ਦੇ ਕੇ ਪਰਿਵਾਰ ਨਾਲ 1 ਕਰੋੜ 81 ਲੱਖ 60 ਹਜ਼ਾਰ ਦੀ ਠੱਗੀ ਦੇ ਮਾਮਲੇ ’ਚ ਜ਼ੀਰਕਪੁਰ ਪੁਲਸ ਨੇ ਫਰਾਰ ਜੋੜੇ ਦੀ ਮਾਸੀ ਗੀਤਾ ਰਾਣੀ ਵਾਸੀ ਪਿੰਡ ਸੈਦਪੁਰਾ, ਡੇਰਾਬਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਜਾਂਚ ਅਨੁਸਾਰ ਮਾਮਲੇ ਨਾਲ ਜੁੜੀ ਰਕਮ ’ਚੋਂ 35 ਲੱਖ 85 ਹਜ਼ਾਰ ਰੁਪਏ ਗੀਤਾ ਰਾਣੀ ਦੇ ਬੈਂਕ ਖਾਤੇ ’ਚ ਟਰਾਂਸਫਰ ਹੋਏ ਸਨ। ਮੁਲਜ਼ਮ ਦਾ ਦੋ ਦਿਨ ਦਾ ਪੁਲਸ ਰਿਮਾਂਡ ਪੂਰਾ ਹੋਣ ਤੋਂ ਬਾਅਦ 17 ਸਤੰਬਰ ਨੂੰ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਸ ਨੂੰ ਪੁੱਛਗਿੱਛ ਲਈ ਇਕ ਦਿਨ ਦਾ ਹੋਰ ਰਿਮਾਂਡ ਮਿਲਿਆ। ਦੱਸ ਦੇਈਏ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਸੁਗੰਧਾ ਸ਼ਰਮਾ ਉਰਫ਼ ਨੀਤੂ ਗੁਲਾਟੀ ਤੇ ਉਸ ਦਾ ਪਤੀ ਸੌਰਵ ਸ਼ਰਮਾ ਹਾਲੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮਾਮਲੇ ’ਚ ਰਾਇਲ ਅਸਟੇਟ ਜ਼ੀਰਕਪੁਰ ਵਾਸੀ ਮਨਜੀਤ ਸਿੰਘ ਤੇ ਉਨ੍ਹਾਂ ਦੇ ਜਵਾਈ ਰਮਨਦੀਪ ਸਿੰਘ ਵਾਸੀ ਨੋਇਡਾ ਨੇ ਐੱਸ.ਐੱਸ.ਪੀ. ਮੋਹਾਲੀ ਨੂੰ ਸ਼ਿਕਾਇਤ ਦਿੱਤੀ ਸੀ। ਮਿਲੀ ਸ਼ਿਕਾਇਤ ਮੁਤਾਬਕ ਯਮੁਨਾਨਗਰ ਵਾਸੀ ਸੁਗੰਧਾ ਸ਼ਰਮਾ ਅਤੇ ਸੌਰਵ ਸ਼ਰਮਾ ਜ਼ੀਰਕਪੁਰ ਦੇ ਗ੍ਰੀਨ ਲੋਟਸ ਸਕਸ਼ਮ ’ਚ ਰਹਿੰਦੇ ਸਨ। ਸਾਲ 2021 ’ਚ ਦੋਵਾਂ ਨੇ ਪਰਿਵਾਰ ਨਾਲ ਜਾਣ-ਪਛਾਣ ਵਧਾਈ ਤੇ ਧਾਰਮਿਕ ਸਮਾਗਮਾਂ ਤੋਂ ਲੈ ਕੇ ਸੁੱਖ-ਦੁੱਖ ਦੇ ਮੌਕਿਆਂ ’ਤੇ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਪਰਿਵਾਰ ਦਾ ਭਰੋਸਾ ਜਿੱਤਣ ਤੋਂ ਬਾਅਦ ਜੋੜੇ ਨੇ ਖੁਦ ਨੂੰ ਸ਼ੇਅਰ ਟ੍ਰੇਡਿੰਗ ਦਾ ਵੱਡਾ ਕਾਰੋਬਾਰੀ ਦੱਸਦਿਆਂ ਨਿਵੇਸ਼ ’ਤੇ 25 ਤੋਂ 30 ਫੀਸਦੀ ਤੱਕ ਮੁਨਾਫਾ ਦੇਣ ਦੀ ਗੱਲ ਕਹੀ। ਸ਼ੁਰੂਆਤ ’ਚ 50 ਹਜ਼ਾਰ ਰੁਪਏ ਨਿਵੇਸ਼ ਕਰਵਾ ਕੇ ਉਸ ’ਤੇ ਮੁਨਾਫਾ ਵਾਪਸ ਕੀਤਾ ਗਿਆ। ਸ਼ਿਕਾਇਤ ਅਨੁਸਾਰ ਮਨਜੀਤ ਸਿੰਘ ਦੀ ਪਤਨੀ, ਜਵਾਈ ਰਮਨਦੀਪ ਸਿੰਘ, ਸੱਸ ਗਿਆਨ ਕੌਰ ਅਤੇ ਸਾਲੇ ਜਸਪਾਲ ਸਿੰਘ ਤੋਂ ਵੱਖ-ਵੱਖ ਸਮੇਂ ਦੌਰਾਨ ਕੁੱਲ 3 ਕਰੋੜ 48 ਲੱਖ 60 ਹਜ਼ਾਰ ਰੁਪਏ ਨਿਵੇਸ਼ ਕਰਵਾਏ ਗਏ। ਜੋੜੇ ਨੇ ਪਹਿਲਾਂ ਵੀ.ਆਈ.ਪੀ. ਰੋਡ ਤੇ ਬਾਅਦ ’ਚ ਸਿੰਘਪੁਰਾ ਚੌਕ ਨੇੜੇ ‘ਇਨਫਿਨਿਟ ਇਨਵੈਸਟਮੈਂਟਸ’ ਦੇ ਨਾਂ ਹੇਠ ਦਫ਼ਤਰ ਵੀ ਖੋਲਿਆ ਸੀ। ਸ਼ਿਕਾਇਤ ਮੁਤਾਬਕ ਕੁੱਲ ਨਿਵੇਸ਼ ’ਚੋਂ ਕਰੀਬ 1 ਕਰੋੜ 67 ਲੱਖ ਰੁਪਏ ਪਰਿਵਾਰ ਨੂੰ ਵਾਪਸ ਕਰ ਦਿੱਤੇ ਗਏ, ਜਦਕਿ 1 ਕਰੋੜ 81 ਲੱਖ 60 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ ਗਏ। ਰਕਮ ਨਾ ਮਿਲਣ ’ਤੇ ਜਦੋਂ ਪਰਿਵਾਰ ਜੋੜੇ ਦੇ ਦਫ਼ਤਰ ਪਹੁੰਚਿਆ ਤਾਂ ਉੱਥੇ ਤਾਲਾ ਲੱਗਾ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਦੇ ਜ਼ੀਰਕਪੁਰ ਸਥਿਤ ਫਲੈਟ ’ਤੇ ਪਹੁੰਚਣ ’ਤੇ ਉਹ ਵੀ ਖਾਲੀ ਮਿਲਿਆ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਜੋੜਾ ਰਾਤੋ-ਰਾਤ ਘਰੇਲੂ ਸਾਮਾਨ ਵਪਾਰਕ ਗੱਡੀਆਂ ’ਚ ਭਰ ਕੇ ਉੱਥੋਂ ਚਲਾ ਗਿਆ। ਰਕਮ ਵਾਪਸ ਮੰਗਣ ’ਤੇ ਸੌਰਵ ਸ਼ਰਮਾ ਵੱਲੋਂ ਵਟਸਐਪ ਰਾਹੀਂ ਖੁਦਕੁਸ਼ੀ ਕਰਨ ਦੀ ਧਮਕੀ ਵਾਲਾ ਪੱਤਰ ਭੇਜ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ ਗਿਆ ਹੈ। ਪੁਲਸ ਜਾਂਚ ਦੌਰਾਨ 26 ਅਗਸਤ 2026 ਨੂੰ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਗਏ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਸੁਗੰਧਾ ਸ਼ਰਮਾ ਵੱਲੋਂ ਕਰੀਬ 35 ਲੱਖ 85 ਹਜ਼ਾਰ ਰੁਪਏ ਆਪਣੀ ਮਾਸੀ ਗੀਤਾ ਰਾਣੀ ਦੇ ਬੈਂਕ ਖਾਤੇ ’ਚ ਟਰਾਂਸਫਰ ਕਰਵਾਏ ਗਏ ਸਨ। ਇਸ ਆਧਾਰ ’ਤੇ ਪੁਲਸ ਨੇ ਗੀਤਾ ਰਾਣੀ ਨੂੰ ਮਾਮਲੇ ’ਚ ਨਾਮਜ਼ਦ ਕਰਕੇ 14 ਸਤੰਬਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਹੁਣ ਗੀਤਾ ਰਾਣੀ ਦੇ ਖਾਤੇ ਵਿੱਚ ਆਏ 35.85 ਲੱਖ ਰੁਪਏ ਦੇ ਲੈਣ-ਦੇਣ ਦੀ ਕੜੀ ਖੰਗਾਲ ਰਹੀ ਹੈ।

