Major GRP search operation at Jalandhar City Railway Station; areas ranging from platforms to the parking lot were checked
ਜਲੰਧਰ ਸਿਟੀ ਰੇਲਵੇ ਸਟੇਸ਼ਨ ‘ਤੇ GRP ਦੀ ਵੱਡੀ ਸਰਚ ਮੁਹਿੰਮ, ਪਲੇਟਫਾਰਮਾਂ ਤੋਂ ਲੈ ਕੇ ਪਾਰਕਿੰਗ ਤੱਕ ਦੀ ਕੀਤੀ ਚੈਕਿੰਗ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਜੀ. ਆਰ. ਪੀ., ਏ. ਐੱਸ. ਟੀ. ਟੀਮ ਅਤੇ ਆਰ. ਪੀ. ਐੱਫ. ਦੇ ਮੁਲਾਜ਼ਮਾਂ ਵੱਲੋਂ ਵਿਸ਼ੇਸ਼ ਸਰਚ ਮੁਹਿੰਮ ਚਲਾਈ ਗਈ। ਪੈਸੰਜਰ ਅਵੇਅਰਨੈੱਸ ਐਂਡ ਸਰਚ ਆਪ੍ਰੇਸ਼ਨ ਤਹਿਤ ਸਟੇਸ਼ਨ ਕੰਪਲੈਕਸ ਦੇ ਵੱਖ-ਵੱਖ ਹਿੱਸਿਆਂ ਵਿਚ ਵਿਆਪਕ ਪੱਧਰ ’ਤੇ ਜਾਂਚ ਕੀਤੀ ਗਈ। ਸੁਰੱਖਿਆ ਟੀਮਾਂ ਨੇ ਸ਼ੱਕੀ ਯਾਤਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਸਾਮਾਨ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ। ਜੀ. ਆਰ. ਪੀ. ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਬਲਵੀਰ ਸਿੰਘ ਘੁੰਮਣ ਦੀ ਅਗਵਾਈ ਵਿਚ ਚੱਲੀ ਮੁਹਿੰਮ ਦੌਰਾਨ ਰੇਲਵੇ ਸਟੇਸ਼ਨ ਦੇ ਸਾਰੇ ਪਲੇਟਫਾਰਮਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਸਟੇਸ਼ਨ ਦਾ ਸਰਕੁਲੇਟਿੰਗ ਏਰੀਆ, ਪਾਰਸਲ ਦਫ਼ਤਰ, ਵੇਟਿੰਗ ਰੂਮ, ਪਾਰਕਿੰਗ ਖੇਤਰ ਸਮੇਤ ਹੋਰ ਸੰਵੇਦਨਸ਼ੀਲ ਥਾਵਾਂ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆ ਗਿਆ। ਸੁਰੱਖਿਆ ਕਰਮਚਾਰੀਆਂ ਵੱਲੋਂ ਅਜਿਹੀਆਂ ਥਾਵਾਂ ’ਤੇ ਵਿਸ਼ੇਸ਼ ਰੂਪ ਵਿਚ ਨਜ਼ਰ ਰੱਖੀ ਗਈ, ਜਿੱਥੇ ਯਾਤਰੀਆਂ ਦੀ ਆਵਾਜਾਈ ਵੱਧ ਰਹਿੰਦੀ ਹੈ। ਸਰਚ ਮੁਹਿੰਮ ਦੌਰਾਨ ਯਾਤਰੀਆਂ ਨੂੰ ਵੀ ਸੁਰੱਖਿਆ ਵਿਵਸਥਾ ਪ੍ਰਤੀ ਜਾਗਰੂਕ ਕੀਤਾ ਗਿਆ। ਸੁਰੱਖਿਆ ਕਰਮਚਾਰੀਆਂ ਨੇ ਯਾਤਰੀਆਂ ਨੂੰ ਸਮਝਾਇਆ ਕਿ ਜੇਕਰ ਉਨ੍ਹਾਂ ਨੂੰ ਸਟੇਸ਼ਨ ਕੰਪਲੈਕਸ, ਟ੍ਰੇਨ ਜਾਂ ਆਲੇ-ਦੁਆਲੇ ਕਿਸੇ ਵਿਅਕਤੀ ਦੀ ਸਰਗਰਮੀ ਸ਼ੱਕੀ ਦਿਖਾਈ ਦਿੰਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਸਬੰਧਤ ਸੁਰੱਖਿਆ ਕਰਮਚਾਰੀਆਂ ਨੂੰ ਦਿੱਤੀ ਜਾਵੇ। ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੀਆਂ ਟੀਮਾਂ ਨੇ ਸਟੇਸ਼ਨ ’ਤੇ ਕੰਮ ਕਰਨ ਵਾਲੇ ਵੈਂਡਰਾਂ ਅਤੇ ਆਟੋ ਚਾਲਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਸ਼ੱਕੀ ਵਸਤੂ ਮਿਲਣ ’ਤੇ ਸੂਚਨਾ ਦੇਣ ਲਈ ਕਿਹਾ। ਸੁਰੱਖਿਆ ਟੀਮਾਂ ਵੱਲੋਂ ਸਟੇਸ਼ਨ ਦੇ ਵੇਟਿੰਗ ਰੂਮਾਂ, ਪਾਰਕਿੰਗ ਖੇਤਰ ਅਤੇ ਪਾਰਸਲ ਦਫ਼ਤਰ ਵਿਚ ਜਾਂਚ ਕੀਤੀ ਗਈ। ਜੀ. ਆਰ. ਪੀ. ਥਾਣਾ ਜਲੰਧਰ ਦੇ ਐੱਸ. ਐੱਚ. ਓ. ਇੰਸਪੈਕਟਰ ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੈਸੰਜਰ ਅਵੇਅਰਨੈੱਸ ਐਂਡ ਸਰਚ ਆਪ੍ਰੇਸ਼ਨ ਤਹਿਤ ਵਿਆਪਕ ਪੱਧਰ ’ਤੇ ਜਾਂਚ ਕੀਤੀ ਗਈ। ਮੁਹਿੰਮ ਦੌਰਾਨ ਸ਼ੱਕੀ ਯਾਤਰੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਦੇ ਨਾਲ-ਨਾਲ ਸਟੇਸ਼ਨ ਦੇ ਵੱਖ-ਵੱਖ ਸੰਵੇਦਨਸ਼ੀਲ ਸਥਾਨਾਂ ਨੂੰ ਵੀ ਚੈੱਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਵਿਵਸਥਾ ਨੂੰ ਲੈ ਕੇ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ।

