Surprise inspection of medical stores conducted in the district
ਜ਼ਿਲ੍ਹੇ ’ਚ ਮੈਡੀਕਲ ਸਟੋਰਾਂ ਦੀ ਕੀਤੀ ਗਈ ਅਚਨਚੇਤ ਜਾਂਚ
ਬੁਢਲਾਡਾ/ਬੋਹਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਤਹਿਤ ਮਾਨਸਾ ਜ਼ਿਲ੍ਹੇ ’ਚ ਸਿਹਤ ਵਿਭਾਗ ਦੇ ਡਰੱਗ ਵਿੰਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਇਲਾਕਿਆਂ ਦੀਆਂ ਕੈਮਿਸਟ ਦੁਕਾਨਾਂ ਦੀ ਅਚਾਨਕ ਚੈਕਿੰਗ ਕੀਤੀ ਗਈ। ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਅਮਨਦੀਪ ਵਰਮਾ, ਜ਼ੋਨਲ ਲਾਇਸੈਂਸਿੰਗ ਅਥਾਰਟੀ (ਡਰੱਗਜ਼), ਸੰਗਰੂਰ ਜ਼ੋਨ ਦੀ ਅਗਵਾਈ ਹੇਠ ਡਰੱਗ ਇੰਸਪੈਕਟਰ ਸੰਤੋਸ਼ ਕੁਮਾਰ ਦੀ ਸਾਂਝੀ ਟੀਮ ਵੱਲੋਂ ਬਰੇਟਾ, ਬੋਹਾ ਅਤੇ ਬੁਢਲਾਡਾ ਵਿਖੇ ਕੈਮਿਸਟਾਂ ਦੀਆਂ ਦੁਕਾਨਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਗਿਆ। ਅਮਨਦੀਪ ਵਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਕਿਸੇ ਵੀ ਦੁਕਾਨ ’ਤੇ ਕੋਈ ਵੀ ਗੈਰ-ਕਾਨੂੰਨੀ ਜਾਂ ਨਸ਼ੇ ਵਜੋਂ ਵਰਤੀ ਜਾਣ ਵਾਲੀ ਦਵਾਈ ਮੌਜੂਦ ਜਾਂ ਵਿਕਰੀ ਲਈ ਨਹੀਂ ਪਾਈ ਗਈ। ਇਸ ਦੌਰਾਨ ਜਾਂਚ ਟੀਮ ਨੇ ਸਾਰੇ ਕੈਮਿਸਟ ਦੁਕਾਨਦਾਰਾਂ ਨੂੰ ਤਾੜਨਾ ਕਰਦਿਆਂ ਸਖਤ ਹਦਾਇਤ ਕੀਤੀ ਕਿ ਉਹ ਨਸ਼ੇ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਖਰੀਦ-ਵੇਚ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਅਤੇ ਡਰੱਗ ਤੇ ਕੋਸਮੈਟਿਕ ਐਕਟ 1940 ਦੇ ਨਿਯਮਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜ਼ਿਲੇ ’ਚ ਅਜਿਹੀਆਂ ਅਚਾਨਕ ਚੈਕਿੰਗਾਂ ਭਵਿੱਖ ’ਚ ਵੀ ਲਗਾਤਾਰ ਜਾਰੀ ਰਹਿਣਗੀਆਂ ਅਤੇ ਜੇਕਰ ਕੋਈ ਵੀ ਕੈਮਿਸਟ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਡਰੱਗਜ਼ ਵਿੰਗ ਦੀ ਟੀਮ ਨੇ ਸਮੂਹ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਵੱਲੋਂ ਵਿੱਢੀ ਇਸ ਜੰਗ ’ਚ ਆਪਣਾ ਪੂਰਨ ਸਹਿਯੋਗ ਦੇਣ।

