10,000 illegal immigrants arrested in US in 5 days
ਅਮਰੀਕਾ ‘ਚ 5 ਦਿਨਾਂ ‘ਚ 10,000 ਗੈਰ ਕਾਨੂੰਨੀ ਪ੍ਰਵਾਸੀ ਗ੍ਰਿਫ਼ਤਾਰ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ‘ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ਼ ਵੱਡੀ ਮੁਹਿੰਮ ਵਿੱਢੀ ਗਈ ਹੈ। ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਨੇ ਜੂਨ ਦੇ ਅਖੀਰ ਵਿੱਚ ਸਿਰਫ਼ 5 ਦਿਨਾਂ ਦੇ ਅੰਦਰ 10,000 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਸਨਸਨੀ ਫੈਲਾ ਦਿੱਤੀ ਹੈ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਦੇ ਉਸ ਏਜੰਡੇ ਦਾ ਹਿੱਸਾ ਹੈ, ਜਿਸ ਤਹਿਤ ਵੱਡੇ ਪੱਧਰ ‘ਤੇ ਲੋਕਾਂ ਨੂੰ ਦੇਸ਼ ਵਿੱਚੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਇਸ ਵਾਰ ਏਜੰਸੀ ਨੇ ਆਪਣੀ ਰਣਨੀਤੀ ਵਿੱਚ ਬਦਲਾਅ ਕੀਤਾ ਹੈ। ਪਹਿਲਾਂ ਵੱਡੇ ਸ਼ਹਿਰਾਂ ਵਿੱਚ ਜ਼ੋਰ-ਸ਼ੋਰ ਨਾਲ ਛਾਪੇਮਾਰੀ ਕੀਤੀ ਜਾਂਦੀ ਸੀ ਪਰ ਹੁਣ ਰਾਸ਼ਟਰਪਤੀ ਟਰੰਪ ਦੇ ‘ਡਿਪੋਰਟੇਸ਼ਨ’ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਬੜੇ ਗੁਪਤ ਅਤੇ ਸ਼ਾਂਤ ਤਰੀਕੇ ਨਾਲ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਅੰਕੜਿਆਂ ਮੁਤਾਬਕ ਸ਼ੁੱਕਰਵਾਰ ਤੋਂ ਮੰਗਲਵਾਰ ਦੇ ਵਿਚਕਾਰ ਰੋਜ਼ਾਨਾ ਲਗਭਗ 2,000 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਪਿਛਲੇ ਸਮੇਂ ਦੇ ਮੁਕਾਬਲੇ ਬਹੁਤ ਵੱਡਾ ਉਛਾਲ ਹੈ। ਇਸ ਤੋਂ ਪਹਿਲਾਂ ਦਸੰਬਰ ਮਹੀਨੇ ਵਿੱਚ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ ਸਨ, ਪਰ ਉਦੋਂ ਵੀ ਰੋਜ਼ਾਨਾ ਦੀ ਔਸਤ ਸਿਰਫ਼ 1,283 ਸੀ। ਜਨਵਰੀ ਵਿੱਚ ਇਹ ਅੰਕੜਾ 1,212 ਅਤੇ ਫਰਵਰੀ ਵਿੱਚ 1,057 ਰਹਿ ਗਿਆ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ (DHS) ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਦੇ ਵਾਅਦੇ ਨੂੰ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਤਲਾਂ, ਬਲਾਤਕਾਰੀਆਂ, ਗੈਂਗਸਟਰਾਂ ਅਤੇ ਅੱਤਵਾਦੀਆਂ ਸਮੇਤ ਕਿਸੇ ਵੀ ਗੈਰ-ਕਾਨੂੰਨੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਵਿਭਾਗ ਦਾ ਸੁਨੇਹਾ ਸਾਫ਼ ਹੈ: “ਜੇਕਰ ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ ਆਏ ਹੋ, ਤਾਂ ਅਸੀਂ ਤੁਹਾਨੂੰ ਲੱਭਾਂਗੇ, ਗ੍ਰਿਫ਼ਤਾਰ ਕਰਾਂਗੇ ਅਤੇ ਦੇਸ਼ ਵਿੱਚੋਂ ਕੱਢ ਦੇਵਾਂਗੇ”। ਇਨ੍ਹੇ ਵੱਡੇ ਪੱਧਰ ‘ਤੇ ਹੋ ਰਹੀਆਂ ਗ੍ਰਿਫ਼ਤਾਰੀਆਂ ਕਾਰਨ ICE ਦੀਆਂ ਹਿਰਾਸਤ ਸਹੂਲਤਾਂ ਵਿੱਚ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਫਰਵਰੀ ਤੋਂ ਬਾਅਦ ਜਿੱਥੇ ਇਹ ਗਿਣਤੀ 30,000 ਦੇ ਕਰੀਬ ਸੀ, ਉੱਥੇ ਹੀ ਜੂਨ ਮਹੀਨੇ ਵਿੱਚ ਇਹ ਵੱਧ ਕੇ 39,000 ਤੱਕ ਪਹੁੰਚ ਗਈ ਹੈ। ਅਮਰੀਕਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿੱਚ ਇਸ ਕਾਰਵਾਈ ਤੋਂ ਬਾਅਦ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।

