22-year-old Punjabi youth jailed in Canada! Court refuses to grant bail
ਕੈਨੇਡਾ ‘ਚ 22 ਸਾਲਾ ਪੰਜਾਬੀ ਨੌਜਵਾਨ ਨੂੰ ਹੋਈ ਜੇਲ੍ਹ ! ਅਦਾਲਤ ਨੇ ਜ਼ਮਾਨਤ ਦੋਣ ਤੋਂ ਕੀਤਾ ਇਨਕਾਰ
ਟੋਰਾਂਟੋ (ਆਵਾਜ਼ਿ ਕੌਮ ਬਿਊਰੋ)-ਬਰੈਂਪਟਨ ‘ਚ ਫਿਰੌਤੀ ਲਈ 2 ਵਾਰ ਗੋਲੀਬਾਰੀ ਕਰਨ ਅਤੇ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 22 ਸਾਲਾ ਪੰਜਾਬੀ ਨੌਜਵਾਨ ਸਫਲਦੀਪ ਨੂੰ ਅਦਾਲਤ ਵੱਲੋਂ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀਲ ਪੁਲਸ ਦੇ ਉਪ ਮੁੱਖੀ ਨਿੱਕ ਮਿਲੀਨੋਵਿਚ ਨੇ ਦੱਸਿਆ ਕਿ ਮੁਲਜਮ 21 ਅਪ੍ਰੈਲ ਅਤੇ 6 ਮਈ ਨੂੰ ਬਰੈਂਪਟਨ ਦੇ ਕਾਰੋਬਾਰੀਆਂ ਨੂੰ ਫਿਰੌਤੀ ਵਾਸਤੇ ਡਰਾਉਣ ਲਈ ਗੋਲੀਬਾਰੀ ਕਰਕੇ ਫਰਾਰ ਹੋ ਗਿਆ ਸੀ। 6 ਮਈ ਵਾਲੀ ਗੋਲੀਬਾਰੀ ਮੌਕੇ ਇਕ ਰਿਹਾਇਸ਼ ‘ਤੇ ਗੋਲੀਬਾਰੀ ਕਰਦਿਆਂ ਉਸ ਨੇ ਮਾਲਕ ਨੂੰ ਮਾਰਨ ਦਾ ਯਤਨ ਕੀਤਾ, ਪਰ ਚੌਕਸੀ ਕਾਰਨ ਉਸ ਦੀ ਜਾਨ ਬਚ ਗਈ। 23 ਜੂਨ ਨੂੰ ਐਡਮਿੰਟਨ ਪੁਲਸ ਵਲੋਂ ਲਾਏ ਟਰੈਫਿਕ ਨਾਕੇ ਮੌਕੇ ਉਸ ਦੀ ਕਾਰ ਦੀ ਤਲਾਸ਼ੀ ਹੋਈ ਤਾਂ ਉਸ ‘ਚੋਂ ਭਰੀ ਹੋਈ ਬੰਦੂਕ ਅਤੇ ਡਰੱਗ ਮਿਲੀ। ਜਿਥੋਂ ਉਸ ਦੇ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਪੀਲ ਪੁਲਸ ਬਰੈਂਪਟਨ ਲੈ ਆਈ। ਉਸ ਨੇ ਮੰਨਿਆ ਕਿ ਉਹ ਫਾਰ ਬ੍ਰਦਰਜ਼ ਗਿਰੋਹ ਦਾ ਮੈਂਬਰ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਤੇ ਕੰਮ ਕਰਦਾ ਸੀ।

