3 arrested for robbing a clinic and a shop by firing a ‘shot’ with a toy pistol
ਖਿਡੌਣਾ ਪਿਸਤੌਲ ਨਾਲ ‘ਗੋਲੀ’ ਚਲਾ ਕੇ ਕਲੀਨਿਕ ਤੇ ਦੁਕਾਨ ਲੁੱਟਣ ਵਾਲੇ 3 ਕਾਬੂ
ਜਗਰਾਓਂ (ਆਵਾਜ਼ਿ ਕੌਮ ਬਿਊਰੋ)-ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਥਾਣਾ ਸਿਟੀ ਜਗਰਾਓਂ ਦੇ ਇਲਾਕੇ ਵਿਚ ਬੀਤੀ 18 ਨਵੰਬਰ ਨੂੰ ਸ਼ਾਮ ਸਮੇਂ ਇਕ ਕਲੀਨਿਕ ਦੇ ਬਾਹਰ ਗੱਡੀ ਉੱਪਰ ਆਏ ਦੋ ਲੁਟੇਰਿਆਂ ਵਲੋਂ ਇਕ ਲੈਪਟਾਪ ਅਤੇ ਨਕਦੀ ਦੀ ਲੁੱਟ-ਖੋਹ ਕੀਤੀ ਗਈ ਸੀ। ਇਸ ਘਟਨਾ ਨੂੰ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਟਰੇਸ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ’ਤੇ ਸੀ.ਆਈ.ਏਯ ਸਟਾਫ ਜਗਰਾਓਂ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਅਤੇ ਥਾਣਾ ਸਿਟੀ ਜਗਰਾਓਂ ਦੇ ਮੁਖੀ ਇੰਸ. ਪਰਮਿੰਦਰ ਸਿੰਘ ਦੀ ਅਗਵਾਈ ਵਿਚ ਬਣੀਆਂ ਟੀਮਾਂ ਨੇ ਇਕ ਲੜਕੀ ਸਮੇਤ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਤੇ ਇਨ੍ਹਾਂ ਦਾ ਚੌਥਾ ਸਾਥੀ ਫਰਾਰ ਹੈ। ਇਸ ਸਬੰਧੀ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਇਹ ਦੋਸ਼ੀ ਗਿਣਤੀ ਵਿਚ ਕੁੱਲ ਚਾਰ ਸਨ ਅਤੇ ਦੋ ਬਰੀਜਾ ਗੱਡੀ ਦੇ ਅੰਦਰ ਹੀ ਬੈਠੇ ਰਹੇ ਅਤੇ ਦੋ ਜਣੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਲਈ ਉੱਤਰ ਕੇ ਵਾਰਦਾਤ ਵਾਲੀ ਜਗ੍ਹਾ ’ਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਲੋਕ ਪੂਰੀ ਤਰ੍ਹਾਂ ਜਰਾਇਮ ਪੇਸ਼ਾ ਹਨ ਅਤੇ ਇਨ੍ਹਾਂ ਦੀ ਫਿਤਰਤ ਈ ਜੁਰਮ ਕਰਨ ਦੀ ਹੈ। ਇਨ੍ਹਾਂ ਵਿਚੋਂ ਇਕ ਦੋਸ਼ੀ ਸ਼ੁਭਮ ਪੁੱਤਰ ਰਣਜੀਤ ਕੁਮਾਰ ਵਾਸੀ ਲੁਧਿਆਣਾ, ਜਿਸ ਦੇ ਖਿਲਾਫ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਅਧੀਨ ਥਾਣਾ ਦੋਰਾਹਾ ਜ਼ਿਲਾ ਲੁਧਿਆਣਾ ਵਿਖੇ ਮਾਮਲਾ ਦਰਜ ਹੈ ਅਤੇ ਦੂਸਰਾ ਦੋਸ਼ੀ ਗੁਰਜੋਤ ਸਿੰਘ ਉਰਫ ਜੋਤ ਪੁੱਤਰ ਗੁਰਵਿੰਦਰ ਸਿੰਘ ਵਾਸੀ ਧਮੋਟ ਕਲਾਂ ਖਿਲਾਫ ਲੁਧਿਆਣਾ ਅਤੇ ਖੰਨਾ ਪੁਲਸ ਜ਼ਿਲਿਆਂ ਦੇ ਵੱਖ-ਵੱਖ ਥਾਣਿਆਂ ਵਿਚ 6 ਅਪਰਾਧਿਕ ਮਾਮਲੇ ਦਰਜ ਹਨ। ਜਗਰਾਓਂ ਇਲਾਕੇ ਵਿਚ ਵਾਰਦਾਤ ਕਰਨ ਤੋਂ ਬਾਅਦ ਇਹ ਲੋਕ ਮੌਕੇ ਤੋਂ ਫਰਾਰ ਹੋ ਗਏ ਸਨ ਪਰ ਇਨ੍ਹਾਂ ਵਲੋਂ ਸੁਧਾਰ ਇਲਾਕੇ ਵਿਚ ਵੀ ਇਕ ਏ.ਟੀ.ਐੱਮ. ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਕਤ ਏ.ਟੀ.ਐੱਮ. ਵਿਚ ਐਂਟੀ ਥੈਪਟ ਸਿਸਟਮ ਲੱਗਿਆ ਹੋਣ ਕਾਰਨ ਬਚਾਅ ਹੋ ਗਿਆ ਸੀ ਅਤੇ ਇਹ ਮੌਕੇ ਤੋਂ ਭੱਜ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਤਕਨੀਕੀ ਉਪਕਰਨਾ ਦਾ ਸਹਾਰਾ ਲੈਂਦੇ ਹੋਏ ਇਨ੍ਹਾਂ ਦੀ ਭਾਲ ਕੀਤੀ ਗਈ ਅਤੇ ਪੁਲਸ ਟੀਮਾਂ ਨੇ ਇਨ੍ਹਾਂ ਨੂੰ ਜਗਰਾਓਂ ਇਲਾਕੇ ਵਿਚ ਹੀ ਕਿਸੇ ਨਵੀਂ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਇਨ੍ਹਾਂ ਦਾ ਇਕ ਸਾਥੀ ਕਰਨ, ਜੋ ਕਿ ਗੁਰਜੋਤ ਦਾ ਭਰਾ ਹੈ ਅਤੇ ਉਸ ਉੱਪਰ ਵੀ ਪਹਿਲਾਂ ਦੋ ਮੁਕੱਦਮੇ ਦਰਜ ਹਨ, ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਰਿਮਾਂਡ ਦੌਰਾਨ ਹੋਰ ਵੀ ਵਾਰਦਾਤਾਂ ਬਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਕੋਲੋਂ ਇਕ .30 ਬੋਰ ਪਿਸਤੌਲ ਸਮੇਤ ਮੈਗਜ਼ੀਨ, ਇਕ ਖਿਡੌਣਾ ਪਿਸਤੌਲ, ਘਟਨਾ ਵਿਚ ਵਰਤੀ ਗਈ ਬਰੀਜਾ ਕਾਰ, ਚੋਰੀ ਕੀਤਾ ਲੈਪਟਾਪ, ਆਈਫੋਨ 13 ਪ੍ਰੋ ਮੈਕਸ, ਇਕ ਰੈਡਮੀ ਪ੍ਰੋ ਪਲੱਸ, ਇਕ ਫੋਨ ਸੈਮਸੰਗ 8 ਪਲੱਸ ਅਤੇ ਇਕ ਬੀਵੋ ਮੋਬਾਈਲ ਬਰਾਮਦ ਕੀਤੇ ਗਏ ਹਨ। ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਡਾ. ਅਕੁੰਰ ਗੁਪਤਾ ਨੇ ਜਰਾਇਮ ਪੇਸ਼ਾ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਜ਼ੀਰੋ ਟੋਲਰੈਂਸ ਨੀਤੀ ਚਲਾਉਂਦੇ ਹੋਏ ਅਪਰਾਧੀਆਂ ਉੱਪਰ ਕਾਬੂ ਪਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਲਈ ਅਜਿਹੇ ਲੋਕ ਜਾਂ ਤਾਂ ਇਲਾਕਾ ਛੱਡ ਕੇ ਚਲੇ ਜਾਣ ਜਾਂ ਉਨ੍ਹਾਂ ਨੂੰ ਜਲਦੀ ਕਾਬੂ ਕਰ ਕੇ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ।

