41 insurgents entering from the neighboring country eliminated! Afghanistan makes a major claim
ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ’ਤੇ ਢੇਰ ! ਅਫਗਾਨਿਸਤਾਨ ਦਾ ਵੱਡਾ ਦਾਅਵਾ
ਕਾਬੁਲ (ਆਵਾਜ਼ਿ ਕੌਮ ਬਿਊਰੋ)-ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਦੀ ਫੌਜ ਨੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਦੇਸ਼ ਵਿਚ ਦਾਖਲ ਹੋਣ ਵਾਲੇ 40 ਤੋਂ ਵੱਧ ਲੜਾਕਿਆਂ (ਜਿਨ੍ਹਾਂ ਨੂੰ ਉਨ੍ਹਾਂ ਨੇ ਬਾਗੀ ਕਰਾਰ ਦਿੱਤਾ) ਨੂੰ ਮਾਰ ਮੁਕਾਇਆ ਹੈ ਅਤੇ ਨਾਲ ਹੀ ਤਣਾਅਪੂਰਨ ਸਰਹੱਦ ‘ਤੇ ਪਿਛਲੇ ਤਿੰਨ ਦਿਨਾਂ ਦੌਰਾਨ ਲਗਾਤਾਰ ਹੋਈਆਂ ਝੜਪਾਂ ਦੌਰਾਨ ਦਰਜਨਾਂ ਹੋਰਾਂ ਨੂੰ ਕਾਬੂ ਕੀਤਾ ਹੈ। ਮੰਗਲਵਾਰ ਦੇਰ ਰਾਤ ਜਾਰੀ ਇੱਕ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਬਾਗੀਆਂ ਵਿੱਚ ‘ਇਸਲਾਮਿਕ ਸਟੇਟ’ ਸਮੂਹ ਦੇ ਮੈਂਬਰ ਵੀ ਸ਼ਾਮਲ ਸਨ। ਮੰਤਰਾਲੇ ਨੇ ਦੱਸਿਆ ਕਿ ਐਤਵਾਰ ਤੋਂ ਮੰਗਲਵਾਰ ਦਰਮਿਆਨ ਉੱਤਰ-ਪੂਰਬੀ ਸੂਬੇ ਨੂਰੀਸਤਾਨ ਦੇ ਕਾਮਦੇਸ਼ ਜ਼ਿਲ੍ਹੇ ਵਿੱਚ 41 ਬਾਗੀਆਂ ਨੂੰ ਮਾਰਿਆ ਗਿਆ ਅਤੇ 62 ਹੋਰਾਂ ਨੂੰ ਫੜਿਆ ਗਿਆ।ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਲੜਾਕੇ ਪਾਕਿਸਤਾਨ ਦੀ “ਮਦਦ” ਨਾਲ ਅਫਗਾਨਿਸਤਾਨ ਵਿੱਚ ਦਾਖਲ ਹੋਏ ਸਨ। ਪਾਕਿਸਤਾਨ ਵੱਲੋਂ ਇਸ ‘ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ, ਪਰ ਉਸਦੇ ਸੂਚਨਾ ਮੰਤਰਾਲੇ ਨੇ ਅਤੀਤ ਵਿੱਚ ਅਜਿਹੇ ਦਾਅਵਿਆਂ ਨੂੰ ਰੱਦ ਕੀਤਾ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਦੋਵਾਂ ਧਿਰਾਂ ਨੇ ਦੂਜੇ ਪਾਸੇ ਦੇ ਲੜਾਕਿਆਂ ਨੂੰ ਮਾਰਨ ਦੇ ਦਾਅਵੇ ਕੀਤੇ ਹਨ। ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ।

