8 Air India Express crew members, including 4 pilots, suspended
Air India ਐਕਸਪ੍ਰੈੱਸ ਦੇ 4 ਪਾਇਲਟਾਂ ਸਣੇ ਚਾਲਕ ਦਲ ਦੇ 8 ਮੈਂਬਰ ਮੁਅੱਤਲ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਏਅਰ ਇੰਡੀਆ ਐਕਸਪ੍ਰੈੱਸ ਨੇ ਆਪਣੀ ਦੁਬਈ-ਅੰਮ੍ਰਿਤਸਰ ਉਡਾਣ ਦੇ ਚਾਲਕ ਦਲ ਦੇ 8 ਮੈਂਬਰਾਂ ਨੂੰ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਇਨ੍ਹਾਂ ਮੈਂਬਰਾਂ ’ਚ 4 ਪਾਇਲਟ ਵੀ ਸ਼ਾਮਲ ਹਨ। ਇਹ ਕਾਰਵਾਈ ਲਾਜ਼ਮੀ ਪੋਸਟ ਫਲਾਈਟ ਬ੍ਰੀਥ ਐਨਾਲਾਈਜ਼ਰ (ਅਲਕੋਹਲ) ਟੈਸਟ ’ਚ ਦੇਰੀ ਕਰਨ ਲਈ ਕੀਤੀ ਗਈ। ਇਹ ਘਟਨਾ 2 ਅਗਸਤ ਨੂੰ ਦੁਬਈ-ਅੰਮ੍ਰਿਤਸਰ ਉਡਾਣ ਦੌਰਾਨ ਵਾਪਰੀ ਸੀ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਦੇ 2 ਘੰਟਿਆਂ ਅੰਦਰ ਚਾਲਕ ਦਲ ਨੂੰ ਬ੍ਰੀਥ ਐਨਾਲਾਈਜ਼ਰ ਟੈਸਟ ਕਰਵਾਉਣ ਦੀ ਲੋੜ ਸੀ। ਇਸ ਮਾਮਲੇ ਦੇ ਸਬੰਧ ਵਿਚ ਮੀਡੀਆ ਰਿਪੋਰਟਾਂ ਅਨੁਸਾਰ ਚਾਲਕ ਦਲ ਪਹਿਲਾਂ ਹੋਟਲ ਚਲਾ ਗਿਆ ਸੀ। ਬਾਅਦ ’ਚ ਹਵਾਈ ਅੱਡੇ ’ਤੇ ਵਾਪਸ ਆਉਣ ਤੋਂ 2 ਘੰਟੇ 35 ਮਿੰਟ ਬਾਅਦ ਉਨ੍ਹਾਂ ਟੈਸਟ ਕਰਵਾਇਆ। ਚਾਲਕ ਦਲ ਦੇ ਸਾਰੇ 8 ਮੈਂਬਰਾਂ ਦਾ ਟੈਸਟ ਨੈਗੇਟਿਵ ਆਇਆ ਸੀ। ਇਸ ਦਾ ਭਾਵ ਇਹ ਹੈ ਕਿ ਉਨ੍ਹਾਂ ਦੇ ਸਰੀਰ ’ਚ ਕੋਈ ਸ਼ਰਾਬ ਨਹੀਂ ਮਿਲੀ ਸੀ। ਇਸ ਦੇ ਬਾਵਜੂਦ ਮਿੱਥੇ ਸਮੇਂ ਅੰਦਰ ਟੈਸਟ ਕਰਵਾਉਣ ’ਚ ਅਸਫਲ ਰਹਿਣ ਨੂੰ ਨਿਯਮਾਂ ਦੀ ਉਲੰਘਣਾ ਮੰਨਿਆ ਗਿਆ ਹੈ। ਏਅਰਲਾਈਨ ਨੇ ਇਸ ਮਾਮਲੇ ਦੀ ਰਿਪੋਰਟ ਹਵਾਬਾਜ਼ੀ ਸੁਰੱਖਿਆ ਸੰਸਥਾ ਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੂੰ ਕੀਤੀ। ਇਸ ਤੋਂ ਬਾਅਦ ਉਕਤ 8 ਮੈਂਬਰਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ। 4 ਅਗਸਤ ਨੂੰ ਫੁਕੇਟ-ਦਿੱਲੀ ਉਡਾਣ ਦੇ ਅਚਾਨਕ 300 ਫੁੱਟ ਹੇਠਾਂ ਆਉਣ ਤੋਂ ਬਾਅਦ ਏਅਰਲਾਈਨ ਦੇ ਪਾਇਲਟਾਂ ਦੀ ਉਕਤ ਟੈਸਟਿੰਗ ਕੀਤੀ ਗਈ ਸੀ। ਇਸ ਫਲਾਈਟ ਦੇ ਮੁੱਖ ਪਾਇਲਟ ਦਾ ਟੈਸਟ ਪਾਜ਼ੇਟਿਵ ਆਇਆ ਸੀ। ਏਅਰ ਇੰਡੀਆ ਹੁਣ ਆਪਣੇ ਸਾਰੇ ਪਾਇਲਟਾਂ ਦੀ ਪਾਬੰਦੀ ਵਾਲੀਆਂ ਤੇ ਨਸ਼ੀਲੀਆਂ ਵਸਤਾਂ ਲਈ ਵਾਧੂ ਜਾਂਚ ਕਰ ਰਹੀ ਹੈ।

