SGPC Created Knots That Can’t Be Untied Now: Baba Baghel Singh (UK)
‘ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਹੱਥੀ ਬੰਨ੍ਹੀਆਂ ਗੰਢਾਂ ਹੁਣ ਮੂੰਹ ਨਾਲ ਵੀ ਨਹੀਂ ਖੁੱਲ੍ਹਣਗੀਆਂ’ — ਬਾਬਾ ਬਘੇਲ ਸਿੰਘ

12 ਮਈ 2026, UK -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਧਾਮੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਬਰੀ ਬਣਾਏ ਗਏ ਜਥੇਦਾਰ ਕੁਲਦੀਪ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਦੀ ਖਿਲਾਫਤ ਕਰਦਿਆਂ ਹੋਇਆਂ ਇਸ ਕਾਨੂੰਨ ਨੂੰ ਰੱਦ ਕਰਨ ਵਾਸਤੇ ਕਿਹਾ ਹੈ ਜਿਸ ਵਾਸਤੇ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਅਖਬਾਰੀ ਬਿਆਨਾਂ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਹ ਕਾਨੂੰਨ ਪੰਥ ਨੂੰ ਪ੍ਰਵਾਨ ਨਹੀਂ ਹੈ ਤੇ ਪੰਥਕ ਭਾਵਨਾਵਾਂ ਦੇ ਵਿਰੁੱਧ ਜਾ ਕੇ ਇਸ ਕਾਨੂੰਨ ਨੂੰ ਮਾਨਤਾ ਦਿੱਤੀ ਗਈ ਹੈ| ਪਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਲੰਬੇ ਸਮੇਂ ਤੋਂ ਪੰਥਕ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਗੁਰੂ ਕੇ ਸਿਧਾਂਤ ਤੇ ਸਿੱਖੀ ਸਿਧਾਂਤ ਨੂੰ ਛਿੱਕੇ ਤੇ ਟੰਗ ਕੇ ਸ਼੍ਰੋਮਣੀ ਕਮੇਟੀ ਨੇ ਆਪਣੇ ਮਨ ਮਰਜ਼ੀ ਦੇ ਫੈਸਲੇ ਕੀਤੇ ਅਤੇ ਸੰਦੇਸ਼ ਕੌਮ ਨੂੰ ਦੇਣ ਦੇ ਯਤਨ ਕੀਤੇ| ਜਿਸ ਦੇ ਨਤੀਜੇ ਵਜੋਂ ਕੌਮ ਦੇ ਅੰਦਰ ਦੁਬਿਧਾ ਪੈਦਾ ਹੋਈ ਤੇ ਅੱਜ ਕੌਮ ਦੀ ਸਿਰਮੌਰ ਜਥੇਬੰਦੀ ਧੜੇਬੰਦੀ ਦਾ ਸ਼ਿਕਾਰ ਹੋ ਗਈ ਅਤੇ ਸਿੱਖਾਂ ਦਾ ਆਪਣੀ ਇਸ ਮਾਣਮੱਤੀ ਸੰਸਥਾ ਤੋਂ ਭਰੋਸਾ ਉੱਠ ਚੁੱਕਾ ਹੈ। ਸ਼੍ਰੋਮਣੀ ਕਮੇਟੀ ਜਿੱਥੇ ਆਪਣੇ ਆਪ ਨੂੰ ਤੇ ਲੈ ਕੇ ਡੁੱਬੀ ਹੀ ਹੈ ਉੱਥੇ ਸਿੱਖੀ ਸਿਧਾਂਤ ਦੀ ਰਾਖੀ ਕਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬਦਨਾਮ ਕਰਨ ਵਿੱਚ ਸਭ ਤੋਂ ਵੱਡਾ ਤੇ ਮੋਹਰੀ ਰੋਲ ਸ਼੍ਰੋਮਣੀ ਕਮੇਟੀ ਵੱਲੋਂ ਅਦਾ ਕੀਤਾ ਗਿਆ| ਇੱਕ ਧਿਰ ਨੂੰ ਖੁਸ਼ ਕਰਨ ਵਾਸਤੇ ਮਨ ਮਰਜ਼ੀ ਦੇ ਹੁਕਮਨਾਮੇ ਕੌਮ ਦੇ ਨਾਂ ਦੇ ਉੱਪਰ ਪੰਥ ਦੇ ਨਾਂ ਦੇ ਉੱਪਰ ਸੁਣਾਏ ਗਏ| ਹੁਕਮਨਾਮੇ ਸੁਣਾਉਣ ਵਾਲੇ ਜਥੇਦਾਰ ਸਾਹਿਬਾਨ ਨੂੰ ਆਪਣੇ ਮਤਲਬ ਲਈ ਵਰਤਿਆ ਗਿਆ| ਜਦੋਂ ਮਰਜ਼ੀ ਬਣਾ ਲਿਆ ਗਿਆ ਤੇ ਜਦੋਂ ਮਰਜ਼ੀ ਬੇਇੱਜ਼ਤ ਕਰਕੇ ਕੌਮ ਦੇ ਪ੍ਰਤੀ ਸੁਹਿਰਦ ਨਾ ਹੋਣ ਦੇ ਇਲਜ਼ਾਮ ਲਗਾ ਕੇ ਆਪਣੇ ਅਹੁਦੇ ਤੋਂ ਉਹਨਾਂ ਨੂੰ ਫਾਰਗ ਕਰ ਦਿੱਤਾ ਗਿਆ| ਸਿੱਖ ਰਹਿਤ ਮਰਿਆਦਾ ਦੇ ਖਰੜੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਕਹਿ ਕੇ ਸੰਗਤਾਂ ਵਿੱਚ ਵੰਡਣਾ ਅਤੇ ਉਸ ਰਹਿਤ ਮਰਿਆਦਾ ਦੇ ਅਨੁਸਾਰ ਕੋਈ ਕਿਹੜੀ ਬਾਣੀ ਪੜਨੀ ਚਾਹੁੰਦਾ ਹੈ ਪੜ੍ਹ ਸਕਦਾ ਹੈ ਜੇਕਰ ਕੋਈ ਨਹੀਂ ਪੜ੍ਨੀ ਚਾਹੁੰਦਾ ਤੇ ਨਾ ਪੜੇ| ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਆਪੋ ਆਪਣੇ ਅਸਥਾਨਾਂ ਤੇ ਆਪੋ ਆਪਣੀ ਮਰਿਆਦਾ ਦੇ ਅਨੁਸਾਰ ਪਾਏ ਜਾਣ| ਮਾਸ ਅਤੇ ਝਟਕਾ ਖਾਣ ਦੇ ਕਨਸੈਪਟ ਨੂੰ ਕਲੀਅਰ ਤੌਰ ਤੇ ਸੰਗਤ ਵਿੱਚ ਨਾ ਪ੍ਰਚਾਰਨਾ ਆਦਿ ਅਨੇਕਾ ਕਾਰਨ ਹਨ ਤੇ ਜਿਨਾਂ ਦਾ ਮੂਲ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਨਾਂ ਤੇ ਛਾਪੀ ਗਈ ਰਹਿਤ ਮਰਿਆਦਾ ਹੈ। ਇਸ ਤੋਂ ਇਲਾਵਾ ਪੰਥ ਨਾਲ ਸੰਬੰਧਿਤ ਮਸਲਿਆਂ ਅਤੇ ਧਾਰਮਿਕ ਮੁੱਦਿਆਂ ਉੱਪਰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਸਿਧਾਂਤ ਨੂੰ ਪਰੇ ਰੱਖ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਵਾਸਤੇ ਫੈਸਲੇ ਲੈਣੇ| ਮਨ ਮਰਜ਼ੀ ਦੇ ਨਾਲ ਸਿੱਖਾਂ ਦੀਆਂ ਕੁਰਬਾਨੀਆਂ ਦੇ ਕੇ ਗੁਰੂ ਸੱਚੇ ਪਾਤਸ਼ਾਹ ਵੱਲੋਂ ਚੜਾਏ ਗਏ ਕੇਸਰੀ ਨਿਸ਼ਾਨਾਂ ਨੂੰ ਬਦਲ ਦੇਣਾ| ਲੋੜ ਪੈਣ ਤੇ ਸਿੱਖਾਂ ਨੂੰ ਤਨਖਾਹਈਏ ਕਰਾਰ ਦੇ ਦੇਣਾ ਅਤੇ ਬਾਅਦ ਵਿੱਚ ਆਪ ਹੀ ਉਹਨਾਂ ਨੂੰ ਖਿਮਾ ਜਾਚਨਾ ਦੇ ਕੇ ਪੰਥ ਵਿੱਚ ਵਾਪਸ ਰਲਾ ਦੇਣਾ| ਅਨੇਕਾਂ ਐਸੀਆਂ ਗੱਲਾਂ ਹਨ ਜਿਨਾਂ ਨੂੰ ਸਿੱਖ ਪੰਥ ਵਿੱਚ ਇੱਕ ਮਖੌਲ ਬਣਾ ਕੇ ਰੱਖ ਦਿੱਤਾ ਗਿਆ| ਅੱਜ ਉਹੀ ਸ਼੍ਰੋਮਣੀ ਕਮੇਟੀ ਅਤੇ ਜਬਰੀ ਬਣਾਏ ਗਏ ਜਥੇਦਾਰ ਪੰਥ ਦੀ ਦੁਹਾਈ ਦੇ ਕੇ ਕੌਮ ਅਤੇ ਪੰਥ ਦੇ ਨਾਂ ਤੇ ਕੌਮ ਦੇ ਹੱਕ ਵਿੱਚ ਖੜੇ ਹੋ ਕੇ ਸਰਕਾਰ ਵਿਰੁੱਧ ਮੋਰਚਾ ਲਾਉਣ ਦੀਆਂ ਗੱਲਾਂ ਕਰ ਰਹੇ ਹਨ| ਜਦੋਂ ਕਿ ਸਿੱਖਾਂ ਉੱਪਰ ਭਾਰਤ ਸਰਕਾਰ ਦੇ ਕੀਤੇ ਗਏ ਹਮਲੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਕੌਮ ਨੇ ਆਪਣਾ ਪੰਥਕ ਮੋਰਚਾ ਖੋਲਿਆ ਹੋਇਆ ਹੈ ਆਪਣੇ ਆਜ਼ਾਦ ਘਰ ਵਾਸਤੇ ਤੇ ਸਾਡੀ ਸਿੱਖੀ ਸਿਧਾਂਤ ਦੀ ਰਾਖੀ ਵਾਸਤੇ ਉਨਾਂ ਮੁੱਦਿਆਂ ਉੱਪਰ ਜਾਂ ਕੌਮ ਦੇ ਲਾਏ ਹੋਏ ਮੋਰਚੇ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਕਦੇ ਵੀ ਅੱਗੇ ਲੱਗ ਕੇ ਕੌਮ ਨੂੰ ਅਗਵਾਈ ਦੇਣ ਦੀ ਗੱਲ ਨਹੀਂ ਕਰਦੇ ਪਰ ਜਦੋਂ ਆਵਦੀ ਕੁਰਸੀ ਡਗ ਮਗਾਉਂਦੀ ਨਜ਼ਰ ਆਉਂਦੀ ਹੈ ਉਸ ਵਕਤ ਕੌਮ ਤੇ ਪੰਥ ਦਾ ਨਾਂ ਵਰਤ ਕੇ ਆਪਣੀ ਚੌਧਰ ਨੂੰ ਬਚਾਉਣ ਵਾਸਤੇ ਮੋਰਚੇ ਲਾ ਲਏ ਜਾਂਦੇ ਹਨ| ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਹੱਥਾਂ ਨਾਲ ਦਿੱਤੀਆਂ ਹੋਈਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਹਨ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਅਤੇ ਕੌਮ ਨੂੰ ਦਰ ਕਿਨਾਰ ਕਰਕੇ ਸਿੱਖੀ ਸਿਧਾਂਤ ਨੂੰ ਪਿਛਾਹ ਰੱਖ ਕੇ ਆਪਣੀ ਚੌਧਰ ਕਾਇਮ ਰੱਖਣ ਵਾਸਤੇ ਲਏ ਗਏ ਫੈਸਲੇ ਅਤੇ ਜਾਰੀ ਕੀਤੇ ਹੋਏ ਹੁਕਮਨਾਮੇ ਇਹਨਾਂ ਵਾਸਤੇ ਐਸੀਆਂ ਗੰਢਾਂ ਬਣ ਗਈਆਂ ਹਨ ਜੋ ਹੁਣ ਦੰਦਾਂ ਨਾਲ ਵੀ ਖੋਲੀਆਂ ਨਹੀਂ ਜਾ ਸਕਣਗੀਆ ਸੱਪ ਨਿਕਲ ਜਾਣ ਤੋਂ ਬਾਅਦ ਲਕੀਰ ਪਿੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਹੀ ਕਹਾਵਤ ਸ਼੍ਰੋਮਣੀ ਕਮੇਟੀ ਉੱਪਰ ਢੁੱਕਦੀ ਨਜ਼ਰ ਆਉਂਦੀ ਹੈ ਜਦੋਂ ਕੌਮ ਤੇ ਪੰਥ ਦੇ ਹੱਕ ਵਿੱਚ ਖੜੇ ਹੋਣ ਦਾ ਸਮਾਂ ਸੀ ਉਦੋਂ ਕੌਮ ਦੀ ਪਿੱਠ ਵਿੱਚ ਛੁਰਾ ਮਾਰ ਦੇਣਾ ਅਤੇ ਬਾਅਦ ਵਿੱਚ ਕੌਮ ਤੇ ਪੰਥ ਦੀ ਦੁਹਾਈ ਦੇ ਕੇ ਕੌਮ ਤੇ ਪੰਥ ਦੇ ਨਾਂ ਤੇ ਆਪਣੀ ਰਾਜਨੀਤੀ ਨੂੰ ਚਮਕਾਉਣਾ ਉਹਦਾ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਵੇਗਾ| ਬੇਅਦਬੀਆਂ ਰੋਕਣ ਵਾਲੇ ਕਾਨੂੰਨ ਵਿੱਚ ਕੀਤੀ ਗਈ ਸੋਧ ਅਤੇ ਪੰਜਾਬ ਸਰਕਾਰ ਵੱਲੋ ਨਵਾਂ ਕਾਨੂੰਨ ਭਾਵੇਂ ਬਹੁਤ ਸਾਰੀਆਂ ਕਮੀਆਂ ਨਾਲ ਭਰਪੂਰ ਹੈ ਅਤੇ ਆਉਣ ਵਾਲੀਆਂ ਨਸਲਾਂ ਵਾਸਤੇ ਬਹੁਤ ਚੁਣੌਤੀਆਂ ਦਾ ਕਾਰਨ ਬਣ ਸਕਦਾ ਹੈ ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਾ ਵਿਰੋਧ ਕਰਨਾ ਅਤੇ ਰੱਦ ਕਰਨ ਵਾਸਤੇ ਕੌਮ ਤੇ ਪੰਥ ਨੂੰ ਮੋਰਚਾ ਲਾਉਣ ਵਾਸਤੇ ਕਹਿਣਾ ਭਰੋਸੇ ਲਾਇਕ ਨਹੀਂ ਹੈ| ਜੇਕਰ ਸਮਾਂ ਰਹਿੰਦਿਆਂ ਸ਼੍ਰੋਮਣੀ ਕਮੇਟੀ ਪੰਥਕ ਭਾਵਨਾਵਾਂ ਨੂੰ ਮੁੱਖ ਰੱਖ ਕੇ ਕੌਮ ਤੇ ਪੰਥ ਦੇ ਹੱਕ ਵਿੱਚ ਭੁਗਤ ਜਾਂਦੀ ਅੱਜ ਸਿੱਖ ਕੌਮ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਸਾਡੀਆਂ ਸਰਮੌਰ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਅਤੇ ਸੰਪਰਦਾਵਾਂ ਵੱਲੋਂ ਨਿੱਜੀ ਗਰਜਾਂ ਵਾਸਤੇ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਪੰਥਕ ਰਿਵਾਇਤਾਂ ਦੇ ਵਿਰੁੱਧ ਜਾ ਕੇ ਸ਼੍ਰੋਮਣੀ ਕਮੇਟੀ ਦਾ ਸਾਥ ਦੇਣਾ ਅਤੇ ਆਪਣੇ ਰਾਜਭਾਗ ਨੂੰ ਕਾਇਮ ਰੱਖਣ ਵਾਸਤੇ ਕੀਤੇ ਗਏ ਯਤਨ ਅੱਜ ਸਿੱਖ ਕੌਮ ਵਾਸਤੇ ਬਹੁਤ ਹੀ ਵੱਡੀ ਚੁਣੌਤੀ ਅਤੇ ਦੁਵਿਧਾ ਦਾ ਕਾਰਨ ਬਣ ਗਏ ਹਨ ਜਿਸ ਦਾ ਨਤੀਜਾ ਇਹਨਾਂ ਨੂੰ ਵੀ ਭੁਗਤਣਾ ਪਵੇਗਾ ਅਤੇ ਕੌਮ ਲੰਬੇ ਸਮੇਂ ਤੋਂ ਇਹਨਾਂ ਨਤੀਜਿਆਂ ਨੂੰ ਭੁਗਤਦੀ ਆ ਰਹੀ ਹੈ। ਜਿੱਥੇ ਸ਼੍ਰੋਮਣੀ ਕਮੇਟੀ ਇਹਨਾਂ ਸਾਰੀਆਂ ਗੱਲਾਂ ਵਾਸਤੇ ਜਿੰਮੇਵਾਰ ਹੈ ਉੱਥੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਆਪੋ ਆਪਣੇ ਤੌਰ ਤੇ ਸ਼੍ਰੋਮਣੀ ਕਮੇਟੀ ਤੋਂ ਲਾਭ ਲੈਣ ਵਾਲੇ ਸਵਾਰਥੀ ਸਿੱਖ ਉਹ ਵੀ ਇਸ ਗੱਲ ਦੇ ਜਿੰਮੇਵਾਰ ਹਨ| ਕਿਉਂਕਿ ਉਨਾਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਲਏ ਗਏ ਗਲਤ ਫੈਸਲਿਆਂ ਦੀ ਹਿਮਾਇਤ ਕੀਤੀ ਹੈ ਅਤੇ ਰੋਸ ਵਜੋਂ ਆਪਣਾ ਫਰਜ਼ ਨਾ ਨਿਭਾਉਂਦਿਆਂ ਹੋਇਆਂ ਤਾੜਨਾ ਕਰਨ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਲਏ ਗਏ ਫੈਸਲਿਆਂ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਇੱਕ ਸੱਚੇ ਸਿੱਖ ਹੋਣ ਦਾ ਸਬੂਤ ਦੇਣਾ ਚਾਹਿਆ ਹੈ| ਅੱਜ ਸਮਾਂ ਐਸਾ ਬਣ ਗਿਆ ਹੈ ਕਿ ਇਹ ਸਾਰਾ ਕੁਝ ਹੁੰਦਿਆਂ ਦੇਖਦਿਆਂ ਹੋਇਆਂ ਵੀ ਉਹ ਧਰਮੀ ਗੁਰਸਿੱਖ ਜੋ ਗੁਰੂ ਸਿਧਾਂਤ ਨੂੰ ਪਰਨਾਏ ਹੋਏ ਹਨ ਸਹੀ ਅਤੇ ਗਲਤ ਦੇ ਫੈਸਲਿਆਂ ਦੀ ਸੋਝੀ ਰੱਖਦੇ ਹਨ ਉਹਨਾਂ ਨੂੰ ਘਰਾਂ ਅੰਦਰ ਚੁੱਪ ਕਰਕੇ ਬੈਠਣਾ ਪੈ ਰਿਹਾ ਹੈ| ਪਰ ਸਮਾਂ ਕਿਸੇ ਦਾ ਮਿੱਤਰ ਨਹੀਂ ਹੁੰਦਾ ਹਮੇਸ਼ਾ ਬਦਲਦਾ ਰਹਿੰਦਾ ਹੈ।
