PM Modi inaugurates new terminal building at Jodhpur airport
PM ਮੋਦੀ ਨੇ ਜੋਧਪੁਰ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਭਵਨ ਦਾ ਕੀਤਾ ਉਦਘਾਟਨ
ਜੋਧਪੁਰ (ਆਵਾਜ਼ਿ ਕੌਮ ਬਿਊਰੋ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇੱਥੇ ਜੋਧਪੁਰ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਉਡਾਨ’ ਯੋਜਨਾ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ। ਰਾਜਸਥਾਨ ਦੇ ਦੌਰੇ ‘ਤੇ ਆਏ ਪੀਐੱਮ ਮੋਦੀ ਨੇ ਰਿਮੋਟ ਬਟਨ ਦਬਾ ਕੇ ਨਵੇਂ ਟਰਮੀਨਲ ਭਵਨ ਦਾ ਵੀ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਕੁੱਲ 480 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। 23,000 ਵਰਗ ਮੀਟਰ ਤੋਂ ਵੱਧ ਦੇ ਖੇਤਰ ‘ਚ ਫੈਲਿਆ ਇਹ ਨਵਾਂ ਟਰਮੀਨਲ ਭਵਨ ਹਰ ਸਾਲ 20 ਲੱਖ ਯਾਤਰੀਆਂ ਨੂੰ ਸੰਭਾਲਣ ‘ਚ ਸਮਰੱਥ ਹੈ। ਇਹ ਆਧੁਨਿਕ ਯਾਤਰੀ ਸਹੂਲਤਾਂ ਨਾਲ ਲੈੱਸ ਹੈ ਤਾਂ ਕਿ ਯਾਤਰੀਆਂ ਨੂੰ ਸੁਚਾਰੂ ਅਤੇ ਆਰਾਮਦਾਇਕ ਯਾਤਰਾ ਦਾ ਅਨੁਭਵ ਮਿਲ ਸਕੇ। ਰਾਜਸਥਾਨ ਦੀ ਸ਼ਾਹੀ ਵਿਰਾਸਤ ਤੋਂ ਪ੍ਰੇਰਿਤ ਆਰਕੀਟੈਕਚਰਲ ਲਾਈਨਾਂ ‘ਤੇ ਬਣਾਇਆ ਗਿਆ, ਟਰਮੀਨਲ ਸਮਕਾਲੀ ਡਿਜ਼ਾਈਨ ਦੇ ਨਾਲ ਆਰਚ ਅਤੇ ਖਿੜਕੀਆਂ ਵਰਗੇ ਰਵਾਇਤੀ ਤੱਤਾਂ ਨੂੰ ਸੁੰਦਰਤਾ ਨਾਲ ਮਿਲਾਉਂਦਾ ਹੈ। ਊਰਜਾ-ਕੁਸ਼ਲ ਪ੍ਰਣਾਲੀਆਂ, ਪਾਣੀ ਸੰਭਾਲ ਉਪਾਵਾਂ ਅਤੇ ਗ੍ਰੀਨ ਭਵਨ ਨਿਰਮਾਣ ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ, ਟਿਕਾਊ ਵਿਕਾਸ ਟਰਮੀਨਲ ਦੇ ਡਿਜ਼ਾਈਨ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ, ਜਿਸ ਦਾ ਉਦੇਸ਼ ‘ਫਾਈਵ ਸਟਾਰ ਜੀਆਰਆਈਐੱਚਏ’ ਰੇਟਿੰਗ ਪ੍ਰਾਪਤ ਕਰਨਾ ਹੈ। ਜੋਧਪੁਰ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਭਵਨ ਦੇ ਉਦਘਾਟਨ ਨਾਲ ਖੇਤਰ ‘ਚ ਸੈਰ-ਸਪਾਟਾ, ਵਪਾਰ ਅਤੇ ਰੁਜ਼ਗਾਰ ਸਿਰਜਣ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਸੋਧ ‘ਉਡਾਣ’ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ‘ਚ ਖੇਤਰੀ ਸੰਪਰਕ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਅਧਿਕਾਰੀਆਂ ਦੇ ਅਨੁਸਾਰ, ਇਸ ਨਾਲ ਭਾਰਤੀ ਹਵਾਬਾਜ਼ੀ ਖੇਤਰ ਨੂੰ ਇਕ ਵੱਡਾ ਹੁਲਾਰਾ ਮਿਲੇਗਾ ਅਤੇ ਨਾਗਰਿਕ ਹਵਾਬਾਜ਼ੀ ਦੇ ਦ੍ਰਿਸ਼ ‘ਚ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਨਾਲ ਹੀ ‘ਉੱਡੇ ਦੇਸ਼ ਦਾ ਆਮ ਨਾਗਰਿਕ’ ਦੀ ਵਿਜਨ ਨੂੰ ਵੀ ਉਤਸ਼ਾਹ ਮਿਲੇਗਾ। ਇਸ ਯੋਜਨਾ ਦੇ ਅਧੀਨ 28,840 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਦਾ ਮਕਸਦ ਅਗਲੇ 10 ਸਾਲਾਂ ‘ਚ ਹਵਾਬਾਜ਼ੀ-ਆਧਾਰਤ ਵਿਕਾਸ ਨੂੰ ਗਤੀ ਦੇਣਾ ਹੈ। ਇਹ ਰਣਨੀਤਕ ਪਹਿਲ ਯਕੀਨੀ ਕਰੇਗੀ ਕਿ ਦੇਸ਼ ਭਰ ‘ਚ ਵਿਆਪਕ ਅਤੇ ਸਥਾਈ ‘ਸੰਪਰਕ’ ਕਾਇਮ ਰਹੇ। ਇਸ ਮੌਕੇ ਰਾਜਸਥਾਨ ਦੇ ਰਾਜਪਾਲ ਹਰਿਭਾਊ ਬਾਗਡੇ, ਮੁੱਖ ਮੰਤਰੀ ਭਜਨਲਾਲ ਸ਼ਰਮਾ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਮੌਜੂਦ ਸਨ।

