High-voltage drama in Delhi: Rahul Gandhi and Akhilesh Yadav detained while marching towards PM House
ਦਿੱਲੀ ‘ਚ ਹਾਈ-ਵੋਲਟੇਜ ਡਰਾਮਾ: PM ਹਾਊਸ ਵੱਲ ਮਾਰਚ ਕਰ ਰਹੇ ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਡਿਟੇਨ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਰਾਜਧਾਨੀ ਦਿੱਲੀ ਵਿੱਚ ਮੰਗਲਵਾਰ ਨੂੰ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਵਿਦਿਆਰਥੀਆਂ ‘ਤੇ ਹੋਈ ਕਥਿਤ ਪੁਲਿਸ ਬਰਬਰਤਾ ਅਤੇ ਨੀਟ (NEET) ਪ੍ਰੀਖਿਆ ਦੇ ਮੁੱਦੇ ‘ਤੇ ਕਾਂਗਰਸ ਅਤੇ ਵਿਰੋਧੀ ਧਿਰਾਂ ਨੇ ਪ੍ਰਧਾਨ ਮੰਤਰੀ ਨਿਵਾਸ ਵੱਲ ਮਾਰਚ ਕੱਢਿਆ। ਇਸ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਸ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਸਮੇਤ ਕਈ ਦਿੱਗਜ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਨਿਵਾਸ ਤੋਂ ਸ਼ੁਰੂ ਹੋਇਆ ਇਹ ਮਾਰਚ ਜਦੋਂ ਪ੍ਰਧਾਨ ਮੰਤਰੀ ਨਿਵਾਸ ਦੇ ਨੇੜੇ ਪਹੁੰਚਿਆ, ਤਾਂ ਨੇਤਾ ਉੱਥੇ ਹੀ ਧਰਨੇ ‘ਤੇ ਬੈਠ ਗਏ। ਜਦੋਂ ਪੁਲਸ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰੀ ਹੰਗਾਮਾ ਹੋਇਆ। ਇਸ ਦੌਰਾਨ ਰਾਹੁਲ ਗਾਂਧੀ ਜ਼ਮੀਨ ‘ਤੇ ਲੇਟ ਗਏ ਅਤੇ ਪੁਲਸ ਨਾਲ ਹੋਈ ਖਿੱਚੋਤਾਣ ਦੌਰਾਨ ਉਨ੍ਹਾਂ ਦੀ ਨੱਕ ‘ਤੇ ਸੱਟ ਲੱਗਣ ਦੀ ਖ਼ਬਰ ਵੀ ਸਾਹਮਣੇ ਆਈ ਹੈ।
ਵਿਰੋਧੀ ਧਿਰ ਦੀਆਂ 5 ਮੁੱਖ ਮੰਗਾਂ
ਕਾਂਗਰਸ ਨੇ ਇਸ ਪ੍ਰਦਰਸ਼ਨ ਦੌਰਾਨ ਸਰਕਾਰ ਅੱਗੇ ਪੰਜ ਪ੍ਰਮੁੱਖ ਮੰਗਾਂ ਰੱਖੀਆਂ ਹਨ:
- ਕੇਂਦਰੀ ਸਿੱਖਿਆ ਮੰਤਰੀ ਦਾ ਤੁਰੰਤ ਇਸਤੀਫ਼ਾ।
- ਗ੍ਰਹਿ ਮੰਤਰੀ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਬਿਆਨ।
- ਨੀਟ (NEET) ਮੁੱਦੇ ‘ਤੇ ਸੰਸਦ ਵਿੱਚ ਵਿਸਤ੍ਰਿਤ ਚਰਚਾ।
- ਵਿਦਿਆਰਥੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ।
- ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਦੀ ਨਿਰਪੱਖ ਜਾਂਚ।
ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਪਹੁੰਚੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਸਰਕਾਰ ਸੰਸਦ ਵਿੱਚ ਚਰਚਾ ਲਈ ਤਿਆਰ ਸੀ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਪਹਿਲਾਂ ਕੇਵਲ ਚਰਚਾ ਦੀ ਮੰਗ ਕਰ ਰਹੇ ਸਨ, ਪਰ ਜਦੋਂ ਸਰਕਾਰ ਮੰਨ ਗਈ ਤਾਂ ਉਨ੍ਹਾਂ ਨੇ ਸਿੱਖਿਆ ਮੰਤਰੀ ਦੇ ਇਸਤੀਫ਼ੇ ਦੀ ਨਵੀਂ ਸ਼ਰਤ ਰੱਖ ਦਿੱਤੀ, ਜੋ ਕਿ ਮੰਦਭਾਗਾ ਹੈ।
ਇਸ ਪ੍ਰਦਰਸ਼ਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹੋਏ। ਚੰਨੀ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਇਸ ਨੂੰ “ਭਾਜਪਾ ਦਾ ਅੱਤਵਾਦ” ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੀ ਆਵਾਜ਼ ਸੁਣਨ ਨੂੰ ਤਿਆਰ ਨਹੀਂ ਹੈ। ਸ਼ਾਮ ਨੂੰ ਪੁਲਸ ਨੇ ਸਾਰੇ ਨੇਤਾਵਾਂ ਨੂੰ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲੈ ਲਿਆ ਅਤੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ।

