Panth, Punjab and Akali Ideology More Important to Me than Any Post or Party
ਮੇਰੇ ਲਈ ਕਿਸੇ ਅਹੁਦੇ ਜਾਂ ਪਾਰਟੀ ਨਾਲੋਂ ਵੱਧ ਅਹਿਮੀਅਤ ਪੰਥ, ਪੰਜਾਬ ਅਤੇ ਅਕਾਲੀ ਵਿਚਾਰਧਾਰਾ ਦੀ ਹੈ
ਚੰਡੀਗੜ੍ਹ, 18 ਜੁਲਾਈ – ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਨੇ ਇੱਕ ਵਿਸਥਾਰਪੂਰਵਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਕਿਸੇ ਅਹੁਦੇ ਜਾਂ ਪਾਰਟੀ ਨਾਲੋਂ ਪੰਥ, ਪੰਜਾਬ ਅਤੇ ਅਕਾਲੀ ਵਿਚਾਰਧਾਰਾ ਦੀ ਅਹਿਮੀਅਤ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਉਹ ਇਸ ਨੂੰ ਨਿੱਜੀ ਰੰਜਿਸ਼ ਨਹੀਂ, ਸਗੋਂ ਵਿਚਾਰਾਂ ਦੇ ਮਤਭੇਦ ਵਜੋਂ ਲੈਂਦੇ ਹਨ।

ਝੂੰਦਾਂ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਅਪੀਲ ਹੈ ਕਿ ਨਿੱਜੀ ਇਲਜ਼ਾਮਾਂ ਅਤੇ ਵੰਡ ਪੈਦਾ ਕਰਨ ਵਾਲੀ ਰਾਜਨੀਤੀ ਦੀ ਥਾਂ ਪੰਥ ਅਤੇ ਪੰਜਾਬ ਦੇ ਵੱਡੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵਿਅਕਤੀ ਨਾਲ ਟਕਰਾਅ ਕਰਨਾ ਨਹੀਂ, ਸਗੋਂ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਸੇਵਾ ਕਰਨਾ ਹੈ।
ਆਪਣੇ ਬਿਆਨ ਵਿੱਚ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਹਿਮਤੀ ਨੂੰ ਸਿਆਸੀ ਬਦਲਾਖੋਰੀ ਵਿੱਚ ਬਦਲਣਾ ਅਕਾਲੀ ਪਰੰਪਰਾ ਦਾ ਹਿੱਸਾ ਨਹੀਂ ਰਿਹਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੁਝ ਆਗੂ ਪੰਥ ਅਤੇ ਪੰਜਾਬ ਦੇ ਹਿੱਤਾਂ ਤੋਂ ਹਟ ਕੇ ਦਿੱਲੀ ਵਿੱਚ ਬੈਠੀਆਂ ਸਿਆਸੀ ਤਾਕਤਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ, ਜਿਸ ਨੂੰ ਉਨ੍ਹਾਂ ਦੇ ਅਨੁਸਾਰ ਨਾ ਤਾਂ ਪੰਥ ਸਵੀਕਾਰ ਕਰੇਗਾ ਅਤੇ ਨਾ ਹੀ ਪੰਜਾਬ-ਪੱਖੀ ਲੋਕ।
ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਉਹ ਆਪਣੇ ਆਖ਼ਰੀ ਸਾਹ ਤੱਕ ਪੰਥ ਅਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਰਹਿਣਗੇ। ਉਨ੍ਹਾਂ ਆਪਣੇ ਬਿਆਨ ਵਿੱਚ 2 ਦਸੰਬਰ ਦੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦਾ ਵੀ ਹਵਾਲਾ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਸਵਾਲ ਕੀਤੇ ਅਤੇ ਉਨ੍ਹਾਂ ਦੇ ਰੁਖ਼ ‘ਤੇ ਸਵਾਲ ਉਠਾਏ।
ਮੇਰੇ ਲਈ ਕਿਸੇ ਅਹੁਦੇ ਜਾਂ ਪਾਰਟੀ ਨਾਲੋਂ ਵੱਧ ਅਹਿਮੀਅਤ ਪੰਥ, ਪੰਜਾਬ ਅਤੇ ਅਕਾਲੀ ਵਿਚਾਰਧਾਰਾ ਦੀ ਹੈ। ਜੇਕਰ ਮੈਨੂੰ ਪਾਰਟੀ ਵਿੱਚੋਂ ਬਾਹਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਮੈਂ ਇਸਨੂੰ ਨਿੱਜੀ ਮਸਲਾ ਨਹੀਂ, ਸਗੋਂ ਵਿਚਾਰਾਂ ਦੇ ਮਤਭੇਦ ਵਜੋਂ ਦੇਖਦਾ ਹਾਂ।
ਅੱਜ ਵੀ ਮੇਰੀ ਅਪੀਲ ਹੈ ਕਿ ਨਿੱਜੀ ਇਲਜ਼ਾਮਾਂ ਅਤੇ ਵੰਡ ਪੈਦਾ ਕਰਨ ਵਾਲੀ ਰਾਜਨੀਤੀ ਦੀ ਥਾਂ ਪੰਥ ਅਤੇ ਪੰਜਾਬ ਦੇ ਵੱਡੇ ਹਿੱਤਾਂ ਨੂੰ ਪਹਿਲ ਦਿੱਤੀ ਜਾਵੇ।
ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਅਸਹਿਮਤੀ ਨੂੰ ਸਿਆਸੀ ਬਦਲਾ ਖੋਰੀ ਵਿੱਚ ਬਦਲਣਾ ਅਕਾਲੀ ਪਰੰਪਰਾ ਨਹੀਂ ਰਹੀ।ਮੈਂ ਆਪਣੀ ਪੰਥਕ ਅਤੇ ਪੰਜਾਬ ਪੱਖੀ ਸੋਚ ‘ਤੇ ਪਹਿਲਾਂ ਵੀ ਕਾਇਮ ਸੀ, ਅੱਜ ਵੀ ਕਾਇਮ ਹਾਂ ਅਤੇ ਅੱਗੇ ਵੀ ਰਹਾਂਗਾ। ਮੇਰਾ ਉਦੇਸ਼ ਕਿਸੇ ਵਿਅਕਤੀ ਵਿਸ਼ੇਸ਼ ਨਾਲ ਟਕਰਾਅ ਨਹੀਂ, ਸਗੋਂ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਸੇਵਾ ਕਰਨਾ ਹੈ। ਵਖਰੇਵੇਂ ਸਿਧਾਤਾਂ ਦੇ ਹਨ, ਕੁੱਝ ਲੀਡਰ ਪੰਥ ਅਤੇ ਪੰਜਾਬ ਦੀ ਗੱਲ ਨੂੰ ਤਿਲਾਂਜਲੀ ਦੇਕੇ ਦਿੱਲੀ ਵਿੱਚ ਬੈਠੀਆਂ ਸਿਆਸੀ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਨਾਲ ਹੱਥ ਮਿਲਾਉਣ ਲਈ ਕਾਹਲੀਆਂ ਹਨ, ਇਹ ਨਾ ਪੰਥ ਨੂੰ ਮਨਜੂਰ ਹੈ ਨਾ ਪੰਜਾਬ ਹਿਤੈਸ਼ੀ ਸੋਚ ਰੱਖਣ ਵਾਲੇ ਪੰਜਾਬ ਪ੍ਰਸਤ ਲੋਕਾਂ ਨੂੰ। ਇਕਬਾਲ ਸਿੰਘ ਝੂੰਦਾਂ ਅਪਣੇ ਆਖਰੀ ਸਾਹ ਤੱਕ ਪੰਥ ਅਤੇ ਪੰਜਾਬ ਦੀ ਗੱਲ ਕਰਦਾ ਰਹੇਗਾ।
ਮੇਰਾ ਇੱਕ ਸਵਾਲ ਹੈ, ਗਿਆਨੀ ਹਰਪ੍ਰੀਤ ਸਿੰਘ ਜੀਉ, ਕੀ ਤੁਸੀ ਵੀ ਅੱਜ ਉਹੀ ਰਸਤਾ ਅਖ਼ਤਿਆਰ ਕਰ ਚੁੱਕੇ ਹੋ, ਜਿਸ ਰਸਤੇ ਤੇ ਚੱਲਦੇ ਹੋਏ, ਅਕਾਲੀ ਸੋਚ ਦਾ ਘਾਣ ਹੋਇਆ ਅਤੇ ਪੰਥਕ ਜਮਾਤ ਦੀ ਸਿਰਮੌਰ ਲੀਡਰਸ਼ਿਪ ਸਿਆਸੀ ਅਗਵਾਈ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ। ਜਿਸ ਦੇ ਆਦੇਸ਼ ਬਕਾਇਦਾ ਤੌਰ ਤੇ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋ ਹੋਏ, ਆਦੇਸ਼ ਕਰਨ ਵਾਲੇ ਪੰਜ ਸਿੰਘ ਸਾਹਿਬਾਨ ਵਿੱਚ ਇੱਕ ਤੁਸੀਂ ਵੀ ਸੀ। 2 ਦਸੰਬਰ ਦੇ ਆਦੇਸ਼ ਦੀ ਮੂਲ ਭਾਵਨਾ ਤੁਹਾਡੇ ਨਾਲੋਂ ਵੱਧ ਕੋਈ ਨਹੀਂ ਜਾਣਦਾ ਤੁਸੀਂ ਜਾਣ ਬੁੱਝ ਕੇ ਜਿਸ ਤਰ੍ਹਾਂ ਆਪਣੀ ਅਤੇ ਕੁੱਝ ਆਗੂਆਂ ਦੀ ਨਿੱਜੀ ਹਿੱਤਾਂ ਦੀ ਪੂਰਤੀ ਲਈ ਪੰਥ ਅਤੇ ਪੰਜਾਬ ਨਾਲ ਵਿਸ਼ਵਾਸਘਾਤ ਦਾ ਰਾਹ ਚੁਣਿਆ ਹੈ ਜਦੋਂ ਇਤਿਹਾਸ ਅਤੇ ਪੰਥ ਇਸਦਾ ਸਹੀ ਵਿਸਲੇਸ਼ਣ ਕਰੇਗਾ ਤਾਂ ਤੁਸੀਂ ਸੰਗਤ ਦੀਆਂ ਨਜ਼ਰਾਂ ਵਿਚ ਕਿੱਥੇ ਖੜ੍ਹੇ ਹੋਵੋਗੇ ਇਸਦੀ ਸਵੈ ਪੜਚੋਲ ਕਰਨ ਦੀ ਤੁਹਾਨੂੰ ਜਰੂਰਤ ਹੈ|
🙏 ਧੰਨਵਾਦ🙏
ਨੋਟ: ਇਸ ਖ਼ਬਰ ਵਿੱਚ ਦਰਜ ਦੋਸ਼, ਵਿਚਾਰ ਅਤੇ ਸਵਾਲ ਇਕਬਾਲ ਸਿੰਘ ਝੂੰਦਾਂ ਵੱਲੋਂ ਜਾਰੀ ਬਿਆਨ ਦਾ ਹਿੱਸਾ ਹਨ। ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਇਸ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਜਾਂ ਹੋਰ ਸੰਬੰਧਿਤ ਪੱਖਾਂ ਦਾ ਜਵਾਬ ਇਸ ਖ਼ਬਰ ਵਿੱਚ ਸ਼ਾਮਲ ਨਹੀਂ ਹੈ।
